ਆਪ ਸਰਕਾਰ ਪੂਰਾ ਕਰ ਰਹੀ ਹੈ ਹਰ ਇੱਕ ਵਾਅਦਾ : ਜਲਾਲਪੁਰ
ਆਪ ਸਰਕਾਰ ਪੂਰਾ ਕਰ ਰਹੀ ਹੈ ਹਰ ਇੱਕ ਵਾਅਦਾ-ਸਤਨਾਮ ਜਲਾਲਪੁਰ
Publish Date: Sat, 28 Feb 2026 05:35 PM (IST)
Updated Date: Sun, 01 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਹਰ ਵਰਗ ਦੇ ਲੋਕ ਭਰਪੂਰ ਪ੍ਰਸ਼ੰਸਾ ਕਰ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਨੇ ਕਿਹਾ ਕਿ ਇਸ ਯੋਜਨਾ ਨਾਲ ਬਜ਼ੁਰਗਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਕਈ ਬੱਚਿਆਂ ਕੋਲ ਆਪਣੇ ਮਾਪਿਆਂ ਨੂੰ ਤੀਰਥ ਯਾਤਰਾ ’ਤੇ ਲੈ ਕੇ ਜਾਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਕਈ ਬਜ਼ੁਰਗ ਆਰਥਿਕ ਤੰਗੀ ਕਾਰਨ ਆਪਣਾ ਤੀਰਥ ਯਾਤਰਾ ਤੇ ਜਾਣ ਦਾ ਸੁਪਨਾ ਪੂਰਾ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਰਾਹੀਂ ਬਜ਼ੁਰਗਾਂ ਨੂੰ ਤੀਰਥ ਦਰਸ਼ਨ ਕਰਵਾ ਕੇ ਪੰਜਾਬ ਦੇ ਸੱਚੇ ਪੁੱਤ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਆਖਿਆ ਕਿ 2022 ਵਿਚ ਸੱਤਾ ਸੰਭਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਅਤੇ ਕਰ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਮੁਫਤ ਬਿਜਲੀ 300 ਯੂਨਿਟ, ਆਮ ਆਦਮੀ ਕਲੀਨਿਕਾਂ, ਸੜਕ ਸੁਰੱਖਿਆ ਫੋਰਸ, ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ, ਰਸੋਈ ਕਿੱਟ ਵਰਗੇ ਅਨੇਕਾਂ ਕੰਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਦੇ ਕਾਰਜ ਕਾਲ ਦੌਰਾਨ ਭ੍ਰਿਸ਼ਟਾਚਾਰ ਦਾ ਜਿੱਥੇ ਖਾਤਮਾ ਹੋਇਆ ਹੈ, ਉੱਥੇ ਹੀ ਲੋਕਾਂ ਨੂੰ ਪਾਰਦਰਸ਼ੀ ਸਹੂਲਤਾਂ ਮਿਲਣ ਵਿਚ ਵਾਧਾ ਹੋਇਆ ਹੈ।