ਅਮਰੀਕਾ ਤੋਂ ਪਰਤੇ ਨੌਜਵਾਨ ਨੂੰ ਵਿਆਹ ’ਚ ਮਾਰੀ ਗੋਲ਼ੀ
ਅਮਰੀਕਾ ਤੋਂ ਪਰਤੇ ਨੌਜਵਾਨ ਨੂੰ ਵਿਆਹ 'ਚ ਮਾਰੀ ਗੋਲੀ, ਦੋ ਖਿਲਾਫ ਮਾਮਲਾ ਦਰਜ
Publish Date: Mon, 02 Mar 2026 05:28 PM (IST)
Updated Date: Tue, 03 Mar 2026 04:05 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ
ਬਲਾਚੌਰ ਦੇ ਇਕ ਪੈਲੇਸ ਵਿਚ ਚੱਲ ਰਹੇ ਇੱਕ ਵਿਆਹ ਸਮਾਗਮ ਦੌਰਾਨ ਅਮਰੀਕਾ ਤੋਂ ਪਰਤੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਤਰਨਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸੜੋਆ ਵਜੋਂ ਹੋਈ ਹੈ, ਜੋ ਹਾਲ ਹੀ ਵਿਚ ਅਮਰੀਕਾ ਤੋਂ ਵਾਪਸ ਆਇਆ ਸੀ। ਪੁਲਿਸ ਨੇ ਮ੍ਰਿਤਕ ਦੇ ਦਾਦਾ ਬਲਦੇਵ ਸਿੰਘ ਜੋ ਕਿ ਭਾਰਤੀ ਵਾਯੂ ਸੈਨਾ ਦੇ ਸੇਵਾਮੁਕਤ ਅਫ਼ਸਰ ਹਨ, ਦੇ ਬਿਆਨ ’ਤੇ ਦੋ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਡੀਐੱਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ਵਿਚ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਏ ਸਨ। ਸ਼ਾਮ ਕਰੀਬ 5 ਵਜੇ ਜਦੋਂ ਉਨ੍ਹਾਂ ਦਾ ਪੋਤਰਾ ਤਰਨਜੀਤ ਸਿੰਘ ਜੈ ਮਾਲਾ ਦੀ ਰਸਮ ਤੋਂ ਬਾਅਦ ਪਾਰਕਿੰਗ ਵਿਚ ਖੜ੍ਹੀ ਆਪਣੀ ਕਾਰ ਵਿਚੋਂ ਸਾਮਾਨ ਲੈਣ ਗਿਆ, ਤਾਂ ਉੱਥੇ ਪਹਿਲਾਂ ਤੋਂ ਬੈਠੇ ਹੈਵਨ ਚੌਧਰੀ ਵਾਸੀ ਧੱਕਧਾਣਾ ਅਤੇ ਜਗਦੀਸ਼ ਉਰਫ ਜੋਨੀ ਵਾਸੀ ਉਤਰਾਖੰਡ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਦੇਖਦਿਆਂ ਹੀ ਹੈਵਨ ਚੌਧਰੀ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਤਰਨਜੀਤ ਦੇ ਪੇਟ ਵਿਚ ਸਿੱਧੀ ਗੋਲ਼ੀ ਮਾਰ ਦਿੱਤੀ। ਗੋਲ਼ੀ ਲੱਗਣ ਕਾਰਨ ਤਰਨਜੀਤ ਲਹੂ-ਲੁਹਾਣ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਜ਼ਖ਼ਮੀਂ ਹਾਲਤ ਵਿਚ ਤਰਨਜੀਤ ਨੂੰ ਤੁਰੰਤ ਨਵਾਂਸ਼ਹਿਰ ਦੇ ਲਿਵਾਸਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਦਾਦਾ ਬਲਦੇਵ ਸਿੰਘ ਨੇ ਦੋਸ਼ ਲਾਇਆ ਹੈ ਕਿ ਇਹ ਕਤਲ ਦੋਵਾਂ ਮੁਲਜ਼ਮਾਂ ਦੀ ਆਪਸੀ ਮਿਲੀ ਭੁਗਤ ਨਾਲ ਕੀਤਾ ਹੈ। ਪੁਲਿਸ ਨੇ ਬਲਦੇਵ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਹੈਵਨ ਚੌਧਰੀ ਅਤੇ ਜਗਦੀਸ਼ ਉਰਫ ਜੋਨੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।