ਨਸ਼ਾ ਕਰਨ ਵਾਲਾ ਵਿਅਕਤੀ ਅਗੇਤੀ ਮੌਤ ਨੂੰ ਦਿੰਦੈ ਸੱਦਾ : ਚਮਨ ਸਿੰਘ
ਨਸ਼ਾ ਕਰਨ ਵਾਲਾ ਵਿਅਕਤੀ ਅਗੇਤੀ ਮੌਤ ਨੂੰ ਸੱਦਾ ਦਿੰਦਾ ਹੈ-ਚਮਨ ਸਿੰਘ
Publish Date: Sun, 25 Jan 2026 04:07 PM (IST)
Updated Date: Mon, 26 Jan 2026 04:04 AM (IST)

ਸਮਾਰਟ ਸਕੂਲ ਭਾਰਟਾ ਕਲਾਂ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ-ਵਸੇਬਾ ਕੇਂਦਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਰਟਾ ਕਲਾਂ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ“ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ। ਇਸ ਕੈਂਪ ਦੀ ਪ੍ਰਧਾਨਗੀ ਕੁਲਵਿੰਦਰ ਕੌਰ ਸਕੂਲ ਇੰਚਾਰਜ ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਦੇ ਬਾਨੀ ਸਰ ਹੈਨਰੀ ਡਿਊਨਾ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਪੰਜਾਬ ਰੈੱਡ ਕਰਾਸ ਦੇ ਬਾਨੀ ਭਾਈ ਘਨੱਈਆ ਦੇ ਜੀਵਨ ਬਾਰੇ ਦੱਸਿਆ ਕਿ ਰੈੱਡ ਕਰਾਸ ਸੰਸਥਾ ਪੂਰੇ ਵਿਸ਼ਵ ਵਿਚ ਬਿਨਾਂ ਕਿਸੇ ਭੇਦ-ਭਾਵ ਤੋਂ ਸਮਾਜ ਕਲਿਆਣ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਕਾਰਨ ਜਵਾਨੀ ਬਰਬਾਦ ਹੋ ਰਹੀ ਹੈ ਤੇ ਰੋਜਾਨਾ ਹੀ ਪੰਜਾਬ ਦੇ ਚਾਰ ਤੋਂ ਪੰਜ ਨੌਜਵਾਨ ਆਪਣੀ ਜਿੰਦਗੀ ਤੋਂ ਹੱਥ ਧੋ ਬਹਿੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿੱਥੇ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਉੱਥੇ ਇਸ ਤੋਂ ਦੂਰ ਰਹਿਣ ਬਾਰੇ ਵੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬੱਚੇ ਅਣਜਾਣਤਾ ਵਿਚ ਆਪਣੇ ਵੱਡੇ ਸਾਥੀਆਂ ਦੇ ਪ੍ਰਭਾਵ ਹੇਠ ਨਸ਼ੇ ਦੀ ਵਰਤੋਂ ਕਰਨ ਲੱਗ ਜਾਦੇ ਹਨ, ਜਿਸ ਨੂੰ ਕਿ ਬਾਅਦ ਵਿਚ ਛੱਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਵਿਦਿਆਰਥੀਆਂ ਨੂੰ ਆਪਣੀ ਮੰਜਿਲ ਤੇ ਪੰਹੁਚਣ ਲਈ ਸਖਤ ਮਿਹਨਤ ਕਰਨ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਗਲਤ ਰਸਤੇ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਚੰਗੇ ਭਵਿੱਖ ਲਈ ਕਾਲਜਾਂ, ਯੂਨੀਵਰਸਿਟੀਆਂ ਵਿਚ ਜਾ ਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਤੁਸੀਂ ਕਦੇ ਵੀ ਕਿਸੇ ਦੇ ਬਹਿਕਾਵੇ ਵਿਚ ਆ ਕੇ ਨਸ਼ੀਲੀ ਵਸਤੂ ਦਾ ਸੇਵਨ ਨਹੀਂ ਕਰਨਾ ਕਿਉਂਕਿ ਅਣਜਾਨਤਾ ਵਿਚ ਆ ਕੇ ਬੱਚੇ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਮੌਕੇ ਪਰਵੇਸ਼ ਕੁਮਾਰ ਨੇ ਸੈਂਟਰ ਵਿਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਊ ਕੇਂਦਰਾਂ ਤੱਕ ਪਹੁੰਚ ਕਰਨੀ ਜ਼ਰੂਰੀ ਹੈ। ਦਿਲਬਾਗ ਸਿੰਘ ਅਧਿਆਪਕ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਦਿੱਤੀ ਜਾਣਕਾਰੀ ਨੂੰ ਸਾਨੂੰ ਆਪਣੀ ਜਿੰਦਗੀ ਵਿਚ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਜਾਗਰੂਕ ਰਹੀਏ।।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ। ਇਸ ਮੌਕੇ ਗੁਰਦੀਪ ਸਿੰਘ, ਫਤਿਹ ਸਿੰਘ, ਬਲਜੀਤ ਕੁਮਾਰ, ਗੁਰਪਰੀਤ ਸਿੰਘ, ਪਵਨ ਕੁਮਾਰ, ਦਿਲਪ੍ਰੀਤ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।