ਨਵਾਂਸ਼ਹਿਰ ’ਚ ਪ੍ਰਕਾਸ਼ ਪੁਰਬ ’ਤੇ ਨਗਰ ਕੀਰਤਨ ਸਜਾਇਆ
ਨਵਾਂਸ਼ਹਿਰ ’ਚ ਪ੍ਰਕਾਸ਼ ਪੁਰਬ ’ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Fri, 27 Mar 2026 06:19 PM (IST)
Updated Date: Fri, 27 Mar 2026 06:26 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ 'ਤੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਂਵੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਉਪਰੰਤ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਵੱਖ-ਵੱਖ ਗਤਕਾ ਟੀਮਾਂ ਨੇ ਰਵਾਇਤੀ ਜੰਗਜੂ ਕਲਾ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਤੋਂ ਸ਼ੁਰੂ ਹੋ ਕੇ ਅੰਬੇਡਕਰ ਚੌਕ, ਗੁਰਦੁਆਰਾ ਟਾਹਲੀ ਸਾਹਿਬ, ਮਹਿੰਦੀਪੁਰ, ਗੁੱਜਰਪੁਰ ਮਹਾਲੋਂ, ਭੀਣ, ਜੱਬੋਵਾਲ, ਮੱਲਪੁਰ, ਕਰੀਹਾ, ਮੂਸਾਪੁਰ, ਲੋਧੀਪੁਰ, ਕਰਿਆਮ, ਹਿਆਲਾ, ਜਾਫਰਪੁਰ ਅਤੇ ਸਲੋਹ ਤੋਂ ਹੁੰਦਾ ਹੋਇਆ ਪੁੰਨੂਮਜਾਰਾ ਪਹੁੰਚਿਆ ਅਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੀਆਂ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਸਵਾਗਤੀ ਗੇਟ ਬਣਾਏ ਗਏ ਅਤੇ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ। ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਬਾਬਾ ਨਾਰੰਗ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਦੇ ਭੋਗ 29 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ। ਉਪਰੰਤ ਖੁੱਲ੍ਹੇ ਪੰਡਾਲਾਂ ’ਚ ਇੱਕ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਜਿੱਥੇ ਪ੍ਰਸਿੱਧ ਕੀਰਤਨੀ ਜਥੇ, ਢਾਡੀ ਜਥੇ ਅਤੇ ਵਿਦਵਾਨ ਪ੍ਰਚਾਰਕ ਗੁਰੂ ਸਾਹਿਬ ਦੇ ਜੀਵਨ ਅਤੇ ਇਤਿਹਾਸ ਬਾਰੇ ਚਾਨਣਾ ਪਾ ਕੇ ਸੰਗਤ ਨੂੰ ਜਾਣੂ ਕਰਵਾਉਣਗੇ।