ਸਾਮਰਾਜੀ ਜਕੜ ਤੋੜਨ ਲਈ ਤਿੱਖੇ ਸ਼ੰਘਰਸ਼ ਦਾ ਸੱਦਾ : ਦਰਸ਼ਨ ਸਿੰਘ ਖਟਕੜ
ਸਾਮਰਾਜੀ ਜਕੜ ਤੋੜਨ ਲਈ ਤਿੱਖੇ ਸ਼ੰਘਰਸ਼ ਦਾ ਸੱਦਾ-ਦਰਸ਼ਨ ਸਿੰਘ ਖਟਕੜ
Publish Date: Mon, 23 Mar 2026 05:51 PM (IST)
Updated Date: Tue, 24 Mar 2026 04:05 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕ੍ਰੇਸੀ ਵਲੋਂ ਖੱਟਕੜ ਕਲਾਂ ਵਿਖੇ ਸਿਆਸੀ ਕਾਨਫਰੰਸ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਸਾਮਰਾਜੀ ਜਕੜ ਤੋੜਨ ਲਈ ਤਿੱਖੇ ਸੰਘਰਸ਼ ਲੜਨ ਦੀ ਲੋੜ ਹੈ। ਇਸਦੀ ਤਾਜ਼ਾ ਉਦਾਹਰਣ ਇਰਾਨ ਕੋਲੋਂ ਅਮਰੀਕਨ ਸਾਮਰਾਜ ਅਤੇ ਜਿਓਂਨਵਾਦੀ ਇਜ਼ਰਾਈਲ ਵਿਰੁੱਧ ਖੜ੍ਹਨ ਦੀ ਹੈ। ਜਿਸਨੇ ਝੁੱਕਣ ਦੀ ਥਾਂ ਲੜਨ ਨੂੰ ਤਰਜੀਹ ਦਿੱਤੀ। ਕੇਂਦਰ ਸਰਕਾਰ ਫਾਸ਼ੀਵਾਦੀ ਅਤੇ ਹਿੰਦੂਤਵੀ ਅਜੰਡੇ ਲਾਗੂ ਕਰ ਰਹੀ ਹੈ। ਇਸਦੇ ਲਈ ਇਹ ਜਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਰੋਲ ਰਹੀ ਹੈ।ਇਹ ਸਰਕਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਰਾਂ ਦੇ ਹਿੱਤੂ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਲਹਿਰਾਂ ਅੱਗੇ ਵੱਡੀਆਂ ਵੱਡੀਆਂ ਜਾਬਰ ਹਕੂਮਤਾਂ ਰੇਤ ਦੀ ਕੰਧ ਦੀ ਤਰ੍ਹਾਂ ਧਾਰਾਸ਼ਾਹੀ ਹੋ ਗਈਆਂ। ਜਿਸ ਢੰਗ ਨਾਲ ਅਮਰੀਕਾ ਸਰਕਾਰ ਨੇ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਰਾਜਾ ਸਾਂਸੀ (ਅਮ੍ਰਿਤਸਰ) ਏਅਰਪੋਰਟ ਉੱਤੇ ਉਤਾਰਿਆ ਅਤੇ ਕੇਂਦਰ ਸਰਕਾਰ ਨੇ ਚੂੰ ਤੱਕ ਨਹੀਂ ਕੀਤੀ। ਆਗੂਆਂ ਨੇ ਕਿਹਾ ਕਿ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਸੱਤਾ ਹਥਿਆਉਣ ਲਈ ਸ਼ਹੀਦ ਭਗਤ ਸਿੰਘ ਦਾ ਨਾਂਅ ਵਰਤਦੀਆਂ ਹਨ। ਜਦਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਮਾਨ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਸਰਕਾਰ ਹੈ।।ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਵਾਂਗੂੰ ਘਰਾਂ ਉੱਤੇ ਬੁਲਡੋਜ਼ਰ ਚਲਾ ਕੇ ਦਹਿਸ਼ਤ ਫੈਲਾ ਰਹੀ ਹੈ। ਜਦਕਿ ਨਸ਼ੇ ਦੇ ਕਾਰੋਬਾਰ ਵਿਚ ਲੱਗੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾ ਰਹੀ।।ਨਿਤ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਹੈ। ਨਿੱਜੀਕਰਨ ਦਾ ਭੂਤ ਮਾਨ ਸਰਕਾਰ ਦੇ ਸਿਰ ਚੜ੍ਹ ਬੋਲ ਰਿਹਾ ਹੈ।।ਇਸਦੇ ਆਪ ਕਲੀਨਿਕਾਂ ਨੂੰ ਇਕ ਨਿੱਜੀ ਕੰਪਨੀ ਚਲਾ ਰਹੀ ਹੈ। ਸਿੱਖਿਆ ਦਾ ਨਿੱਜੀਕਰਨ ਕਰ ਰਹੀ ਹੈ। ਪਾਰਟੀ ਦੇ ਆਗੂਆਂ ਅਵਤਾਰ ਸਿੰਘ ਤਾਰੀ, ਹਰੀ ਰਾਮ ਰਸੂਲਪੁਰੀ, ਕਮਲਜੀਤ ਸਨਾਵਾ ਨੇ ਕਿਹਾ ਕਿ ਦੇਸ਼ ਦੇ ਨੇਤਾਵਾਂ ਦੇ ਚਿਹਰੇ ਬਦਲਣ ਨਾਲ ਦੇਸ਼ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਕੇਂਦਰ ਸਰਕਾਰ ਫਾਸ਼ੀਵਾਦੀ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਸਰਕਾਰ ਹੈ, ਜੋ ਇਕ ਤੋਂ ਬਾਅਦ ਇਕ ਸਰਕਾਰੀ ਅਦਾਰੇ ਵੇਚ ਰਹੀ ਹੈ। ਸਰਕਾਰਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਰੋਲਣ ਦਾ ਕੰਮ ਕਰ ਰਹੀ ਹੈ। ਮਜਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਦੇ ਸੰਘਰਸ਼ਾਂ ਨੂੰ ਜਬਰ ਦੇ ਸਹਾਰੇ ਦਬਾਉਣ ਦੇ ਯਤਨ ਕਰ ਰਹੀਆਂ ਹਨ। ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਵੱਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਗਾਇਕ ਯਮਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।