ਵਿਕਸਿਤ ਭਾਰਤ ਤੇ ਨਸ਼ਾ ਮੁਕਤ ਸਮਾਜ ਤਹਿਤ ਐੱਨਐੱਸਐੱਸ ਕੈਂਪ ਲਾਇਆ
ਵਿਕਸਿਤ ਭਾਰਤ ਅਤੇ ਨਸ਼ਾ ਮੁਕਤ ਸਮਾਜ ਤਹਿਤ 7 ਦਿਨਾਂ ਐਨਐੱਸਐੱਸ ਕੈਂਪ ਲਗਾਇਆ
Publish Date: Tue, 20 Jan 2026 04:51 PM (IST)
Updated Date: Wed, 21 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਰੈਲਮਾਜਰਾ ਵਿਖੇ 7 ਦਿਨਾਂ ਐਨਐਸਐਸ ਕੈਂਪ ਦੇ ਪੰਜਵਾਂ ਦਿਨ ਪਿੰਡ ਵਿਚ ਵਿਕਸਿਤ ਭਾਰਤ ਅਤੇ ਨਸ਼ਾ ਮੁਕਤ ਸਮਾਜ ਦੇ ਥੀਮ ਤਹਿਤ ਜਾਗਰੂਕਤਾ ਰੈਲੀ ਅਤੇ ਸਿਹਤ ਜਾਗਰੂਕਤਾ ਗਤੀਵਿਧੀਆਂ ਕਰਵਾਈ। ਪ੍ਰਿੰ. ਡਾ. ਰਜਿੰਦਰ ਕੌਰ ਗਿੱਲ ਦੀ ਯੋਗ ਅਗਵਾਈ ਹੇਠ ਅਤੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਲਵਲੀਨ ਚੌਹਾਨ ਦੇ ਸੁਚੱਜੇ ਨਿਰਦੇਸ਼ਾਂ ਅਧੀਨ ਸਫਲਤਾਪੂਰਵਕ ਆਯੋਜਿਤ ਕੀਤਾ। ਇਸ ਮੌਕੇ ਕਾਲਜ ਦੇ ਸਾਰੇ ਸਟਾਫ ਮੈਂਬਰਾਂ ਦੀ ਸਰਗਰਮ ਹਾਜ਼ਰੀ ਅਤੇ ਸਹਿਯੋਗ ਵੀ ਪ੍ਰਸ਼ੰਸਾਯੋਗ ਰਿਹਾ। ਦਿਨ ਦੀ ਸ਼ੁਰੂਆਤ ਪਿੰਡ ਵਿਚ ਜਾਗਰੂਕਤਾ ਰੈਲੀ ਨਾਲ ਹੋਈ। ਐੱਨਐੱਸਐੱਸ ਸੇਵਾਦਾਰਾਂ ਨੇ ਪੋਸਟਰਾਂ ਅਤੇ ਬੈਨਰਾਂ ਨਾਲ ਰੈਲੀ ’ਚ ਉਤਸ਼ਾਹਪੂਰਵਕ ਹਿੱਸਾ ਲਿਆ ਤੇ ਨਸ਼ਾ ਮੁਕਤ ਭਾਰਤ,“ਨਸ਼ਿਆਂ ਨੂੰ ਨਾ ਕਹੋ, ਸਿਹਤਮੰਦ ਯੁਵਾ–ਵਿਕਸਿਤ ਭਾਰਤ” ਵਰਗੇ ਨਾਅਰੇ ਲਾ ਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਵਾਰੇ ਜਾਗਰੂਕ ਕੀਤਾ। ਰੈਲੀ ਦੌਰਾਨ ਸੇਵਾਦਾਰਾਂ ਵੱਲੋਂ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪਿੰਡ ਵਾਸੀਆਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਵੱਟਸਐਪ ਨੰਬਰ ਬਾਰੇ ਵੀ ਜਾਣੂ ਕਰਵਾਇਆ। ਜਿਸ ਰਾਹੀਂ ਨਸ਼ਿਆਂ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਮਦਦ ਲਈ ਜਾਂ ਨਸ਼ਾ ਕਰਨ ਵਾਲੇ ਵਿਅਕਤੀਆਂ ਬਾਰੇ ਗੁਪਤ ਤੌਰ ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਘਰ-ਘਰ ਜਾ ਕੇ ਜਾਗਰੂਕਤਾ ਅਭਿਆਨ ਵੀ ਚਲਾਇਆ ਗਿਆ। ਇਸ ਦਿਨ ਦੀ ਇੱਕ ਮਹੱਤਵਪੂਰਣ ਗਤੀਵਿਧੀ ਸਿਹਤ ਜਾਗਰੂਕਤਾ ਭਾਸ਼ਣ ਰਿਹਾ। ਇਸ ਮੌਕੇ ਦੀਪਤੀ ਠਾਕੁਰ ਅਸਿਸਟੈਂਟ ਪ੍ਰੋਫੈਸਰ ਕਾਲਜ ਆਫ਼ ਨਰਸਿੰਗ ਐਲਟੀਐੱਸਯੂ ਵੱਲੋਂ ਹੈਲਥ ਟਾਕ ਥੀਮ ਹੇਠ ਬ੍ਰੈਸਟ ਸੈਲਫ਼ ਐਗਜ਼ਾਮੀਨੇਸ਼ਨ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਦਿਆਰਥਣਾਂ ਅਤੇ ਪਿੰਡ ਦੀਆਂ ਔਰਤਾਂ ਨੂੰ ਸਵੈ-ਜਾਂਚ ਦੀ ਮਹੱਤਤਾ, ਸਹੀ ਤਰੀਕੇ ਤੇ ਸਮੇਂ-ਸਿਰ ਜਾਂਚ ਨਾਲ ਬਿਮਾਰੀਆਂ ਤੋਂ ਬਚਾਅ ਵਾਰੇ ਬਹੁਤ ਹੀ ਸਪੱਸ਼ਟ ਤੇ ਪ੍ਰਯੋਗਿਕ ਜਾਣਕਾਰੀ ਪ੍ਰਦਾਨ ਕੀਤੀ। ਇਹ ਭਾਸ਼ਣ ਮਹਿਲਾ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਬਹੁਤ ਹੀ ਲਾਭਦਾਇਕ ਸਾਬਤ ਹੋਇਆ।।ਪਿੰਡ ਵਾਸੀਆਂ ਵੱਲੋਂ ਰੈਲੀ, ਜਾਗਰੂਕਤਾ ਅਭਿਆਨ ਅਤੇ ਸਿਹਤ ਭਾਸ਼ਣ ਨੂੰ ਬਹੁਤ ਹੀ ਸਕਾਰਾਤਮਕ ਪ੍ਰਤਿਕ੍ਰਿਆ ਮਿਲੀ। ਪੰਜਵੇਂ ਦਿਨ ਦੀਆਂ ਸਾਰੀਆਂ ਗਤਿਵਿਧੀਆਂ ਨੇ ਨਸ਼ਾ ਮੁਕਤ, ਸਿਹਤਮੰਦ ਅਤੇ ਵਿਕਸਿਤ ਭਾਰਤ ਦੀ ਸੋਚ ਨੂੰ ਮਜ਼ਬੂਤ ਕਰਨ ਵੱਲ ਇੱਕ ਪ੍ਰਭਾਵਸ਼ਾਲੀ ਕਦਮ ਸਾਬਤ ਕੀਤਾ।