ਥਾਰ ਤੇ ਟੈਂਪੂ ਦੀ ਟੱਕਰ ’ਚ 1 ਦੀ ਮੌਤ, 6 ਗੰਭੀਰ ਫੱਟੜ
ਥਾਰ ਅਤੇ ਟੈਂਪੂ ਦੀ ਭਿਆਨਕ ਟੱਕਰ ਵਿਚ 1 ਦੀ ਮੌਤ 6 ਗੰਭੀਰ ਫੱਟੜ
Publish Date: Wed, 11 Feb 2026 06:32 PM (IST)
Updated Date: Thu, 12 Feb 2026 04:03 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ☻: ਬੰਗਾ-ਨਵਾਂਸ਼ਹਿਰ ਨੈਸ਼ਨਲ ਹਾਈਵੇ ਤੇ ਪਿੰਡ ਖਟਕੜ ਕਲਾਂ ਨੇੜੇ ਇੱਕ ਸਵਾਰੀਆਂ ਦੇ ਭਰੇ ਟੈਂਪੂ ਅਤੇ ਥਾਰ ਗੱਡੀ ਵਿਚਕਾਰ ਹੋਈ ਟੱਕਰ ਵਿਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਵਿਅਕਤੀ ਗੰਭੀਰ ਜਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਥਾਰ ਗੱਡੀ ਨੰਬਰ ਪੀਬੀ 16 ਐਫ 0092 ਜਿਸ ਨੂੰ ਭੁਪਿੰਦਰ ਬਡਵਾਲ ਚਲਾ ਰਿਹਾ ਸੀ ਜੋ ਕਿ ਨਵਾਂਸ਼ਹਿਰ ਵੱਲੋਂ ਜਲੰਧਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਖਟਕੜ ਕਲਾਂ ਦੇ ਨਜਦੀਕ ਪੁੱਜਾ ਤਾਂ ਇੱਕ ਸਕਾਰਪੀਓ ਗੱਡੀ ਨੇ ਉਸ ਨੂੰ ਸਾਈਡ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਵਿਚਕਾਰ ਬਣੇ ਡਿਵਾਈਡਰ ਨੂੰ ਟੱਪ ਕੇ ਦੂਸਰੇ ਪਾਸੇ ਬੰਗਾ ਸਾਈਡ ਵੱਲੋਂ ਆ ਰਹੇ ਇੱਕ ਸਵਾਰੀਆਂ ਨਾਲ ਭਰੇ ਟੈਂਪੂ ਪੀਸੀਐਚ 3005 ਨਾਲ ਟਕਰਾ ਗਈ। ਰਾਹਗੀਰਾਂ ਦੇ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ਤਿੰਨ ਪਲਟੀਆਂ ਖਾ ਗਿਆ। ਉਸ ਵਿਚ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਟੈਂਪੂ ਚਾਲਕ ਸਮੇਤ 6 ਸਵਾਰੀਆਂ ਗੰਭੀਰ ਰੂਪ ਵਿਚ ਜਖਮੀ ਹੋ ਗਈਆਂ। ਟੈਂਪੂ ਵਿੱਚ ਸਵਾਰ ਜ਼ਖਮੀਆਂ ਟੈਂਪੂ ਚਾਲਕ ਹਰਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਨਿਵਾਸੀ ਜੱਬੋਵਾਲ, ਕੋਮਲਪ੍ਰੀਤ ਪੁੱਤਰੀ ਕੇਵਲ ਸਿੰਘ ਨਿਵਾਸੀ ਪਿੰਡ ਬੈਂਸਾ, ਕਸ਼ਮੀਰ ਕੌਰ ਪਤਨੀ ਰਾਜ ਕੁਮਾਰ ਨਿਵਾਸੀ ਮਜਾਰੀ, ਸਰਬਜੀਤ ਕੌਰ ਪੁੱਤਰੀ ਅਮਰੀਕ ਸਿੰਘ ਨਿਵਾਸੀ ਪਿੰਡ ਬਘੋਰਾਂ, ਪੁਨੀਤ ਕੌਰ ਪੁੱਤਰੀ ਹਰਮੇਸ਼ ਲਾਲ ਨਿਵਾਸੀ ਪਿੰਡ ਕਾਹਮਾ, ਪੂਜਾ ਪੁੱਤਰੀ ਸੰਤੋਖ ਸਿੰਘ ਨਿਵਾਸੀ ਕਾਹਮਾ, ਥਾਰ ਚਾਲਕ ਭੁਪਿੰਦਰ ਬਡਵਾਲ ਜ਼ਖਮੀ ਹੋ ਗਏ। ਜਦਕਿ ਹਾਦਸੇ ਦੋਰਾਨ ਮਾਰੇ ਗਏ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਬੰਗਾ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਕਸ਼ਮੀਰ ਕੌਰ, ਸਰਬਜੀਤ ਕੌਰ, ਹਰਜਿੰਦਰ ਸਿੰਘ, ਪੂਜਾ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਨਵਾਂਸ਼ਹਿਰ ਰੈਫਰ ਕਰ ਦਿੱਤਾ। ਉਧਰ ਪੁਲਿਸ ਥਾਣਾ ਸਦਰ ਦੇ ਅਫ਼ਸਰਾਂ ਅਤੇ ਮਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।