ਬੇਕਾਬੂ ਕਾਰ ਦੁਕਾਨ ਨਾਲ ਟਕਰਾ ਕੇ ਪਲਟੀ, ਜਾਨੀ ਬਚਾਅ
ਨੌਜਵਾਨ ਤੋਂ ਕਾਰ ਹੋਈ ਬੇਕਾਬੂ, ਦੁਕਾਨ ਦੇ ਕਾਊਂਟਰ ਨਾਲ ਟਕਰਾ ਕੇ ਪਲਟੀ, ਵੱਡਾ ਹਾਦਸਾ ਟਲਿਆ
Publish Date: Thu, 02 Apr 2026 05:58 PM (IST)
Updated Date: Fri, 03 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਸ਼ਹਿਰ ਦੀ ਮੰਡੀ ਹਰਜੀ ਰਾਮ ਵਿਖੇ ਨਗਰ ਕੌਂਸਲ ਦਫਤਰ ਅਤੇ ਲੜਕੀਆਂ ਵਾਲੇ ਸਰਕਾਰੀ ਸਕੂਲ ਦੇ ਨਜ਼ਦੀਕ ਇੱਕ ਨੌਜਵਾਨ ਤੋਂ ਕਾਰ ਬੇਕਾਬੂ ਹੋ ਗਈ ਅਤੇ ਇਹ ਕਾਰ ਕਰਿਆਨੇ ਦੀ ਦੁਕਾਨ ’ਤੇ ਪਏ ਕਾਊਂਟਰ ਨਾਲ ਟਕਰਾਅ ਕੇ ਪਲਟ ਗਈ। ਇਸ ਹਾਦਸੇ ’ਚ ਜਿੱਥੇ ਦੁਕਾਨਦਾਰ ਦਾ ਸਮਾਨ ਖਿੱਲਰ ਗਿਆ, ਉਥੇ ਹੀ ਦੁਕਾਨਦਾਰ ਦੇ ਹਲਕੀ ਸੱਟ ਵੀ ਲੱਗੀ। ਪਰੰਤੂ ਬੱਚਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਦਾ ਕੋਈ ਬਹੁਤਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਰਿਆਨੇ ਦੀ ਦੁਕਾਨਦਾਰ ਕ੍ਰਿਸ਼ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ’ਤੇ ਬੈਠ ਕੇ ਗ੍ਰਾਹਕਾਂ ਨੂੰ ਸਮਾਨ ਦੇ ਰਿਹਾ ਸੀ ਕਿ ਇੱਕ ਦਮ ਤੋਂ ਹੀ ਇੱਕ ਕਾਰ ਬੇਕਾਬੂ ਹੋ ਕੇ ਦੁਕਾਨ ਦੇ ਬਾਹਰ ਥੜੇ ਨਾਲ ਟਕਰਾਉਂਦੀ ਹੋਈ ਕਾਊਂਟਰ ਨਾਲ ਵੱਜੀ ਅਤੇ ਪਲਟ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿਆ ਹੋਇਆ ਸਮਾਨ ਖਿਲਰ ਗਿਆ ਅਤੇ ਉਸਦੀ ਬਾਂਹ ਨੂੰ ਵੀ ਵੱਡਾ ਝਟਕਾ ਲੱਗਿਆ। ਇਸ ਹਾਦਸੇ ਦੌਰਾਨ ਦੁਕਾਨ ਤੇ ਸਮਾਨ ਲੈਣ ਆਏ ਗ੍ਰਾਹਕ ਦਾ ਮੋਟਰਸਾਈਕਲ ਵੀ ਇਸ ਚਪੇਟ ’ਚ ਆ ਗਿਆ ਤੇ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਕਾਰ ਵੀ ਪਲਟ ਗਈ। ਉਨ੍ਹਾਂ ਨੇ ਹਿੰਮਤ ਤੋਂ ਕੰਮ ਲੈਂਦੇ ਹੋਏ ਨੌਜਵਾਨ ਕਾਰ ਚਾਲਕ ਨੂੰ ਬਾਹਰ ਕੱਢਿਆ। ਦੁਕਾਨਦਾਰ ਨੇ ਕਿਹਾ ਕਿ ਨਜ਼ਦੀਕ ਹੀ ਕੁੜੀਆਂ ਦਾ ਸਰਕਾਰੀ ਸਕੂਲ ਹੈ ਅਤੇ ਇੱਥੇ ਬੱਚੀਆਂ ਸਵੇਰੇ ਅਤੇ ਸ਼ਾਮ ਦੋ ਸ਼ਿਫਟਾਂ ਵਿੱਚ ਪੜ੍ਹਨ ਆਉਂਦੀਆਂ ਹਨ ਅਤੇ ਕਈ ਮਾੜੇ ਕਿਸਮ ਦੇ ਨੌਜਵਾਨ ਅਕਸਰ ਹੀ ਸਕੂਲ ਦੇ ਅੱਗੋਂ ਗੇੜੀਆਂ ਮਾਰਦੇ ਹਨ ਸਕੂਟਰ, ਮੋਟਰਸਾਈਕਲ, ਕਾਰਾਂ ਤੇਜ ਭਜਾਂਦੇ ਹਨ। ਜਿਸ ਕਰਕੇ ਹਮੇਸ਼ਾ ਹੀ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਵੇਂ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਉਨ੍ਹਾਂ ਦਾ ਮਾਲੀ ਨੁਕਸਾਨ ਬਹੁਤ ਹੋਇਆ ਹੈ। ਇਸ ਦੌਰਾਨ ਦੁਕਾਨਦਾਰ ਕ੍ਰਿਸ਼ਨ ਕੁਮਾਰ, ਸੈਲਰ ਯੂਨੀਅਨ ਮਲੋਟ ਦੇ ਸਾਬਕਾ ਪ੍ਰਧਾਨ ਪ੍ਰੇਮ ਗੋਇਲ, ਓਮ ਪ੍ਰਕਾਸ਼ ਗਰੋਵਰ, ਕਾਂਗਰਸੀ ਆਗੂ ਉਮੇਸ਼ ਨਾਗਪਾਲ, ਵੈਦ ਜੀਵਨ ਗੁਪਤਾ ਆਦਿ ਨੇ ਕਿਹਾ ਕਿ ਇਸ ਦੁਕਾਨ ਦੇ ਨਜਦੀਕ ਹੀ ਕੁੜੀਆਂ ਦਾ ਸਰਕਾਰੀ ਸਕੂਲ ਹੈ ਅਤੇ ਸਕੂਲ ਸਵੇਰ ਅਤੇ ਸ਼ਾਮ ਦੋ ਸ਼ਿਫਟਾਂ ਵਿੱਚ ਲੱਗਦਾ ਹੈ। ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਸਕੂਲ ਦੇ ਆਸੇ ਪਾਸੇ ਪੀਸੀਆਰ ਦੀ ਪੱਕੇ ਤੌਰ ’ਤੇ ਤਾਇਨਾਤੀ ਕੀਤੀ ਜਾਵੇ, ਤਾਂ ਜੋ ਨੌਜਵਾਨ ਮੁੰਡੇ ਬਿਨਾਂ ਵਜ੍ਹਾ ਤੋਂ ਇਨ੍ਹਾਂ ਸਕੂਲਾਂ ਦੇ ਅੱਗੇ ਗੇੜੀ ਮਾਰਦੇ ਹਨ ਉਨ੍ਹਾਂ ’ਤੇ ਕਾਰਵਾਈ ਹੋ ਸਕੇ।