ਸਿਵਲ ਹਸਪਤਾਲ ’ਚ ਵਿਸ਼ਵ ਮਲੇਰੀਆ ਦਿਵਸ ਮਨਾਇਆ
ਸਿਵਲ ਹਸਪਤਾਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
Publish Date: Sat, 25 Apr 2026 05:46 PM (IST)
Updated Date: Sat, 25 Apr 2026 05:49 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਰਜਕਾਰੀ ਐੱਸਐੱਮਓ ਡਾ. ਧਰਿੰਦਰ ਗਰਗ ਦੀ ਅਗਵਾਈ ਹੇਠ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਧਰਿੰਦਰ ਗਰਗ ਨੇ ਹਾਜਰੀਨ ਨੂੰ ਦੱਸਿਆ ਕਿ ਮਲੇਰੀਆ ਬੁਖਾਰ ਖੜੇ ਪਾਣੀ ’ਚ ਪੈਦਾ ਹੋਣ ਵਾਲੇ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ। ਮਲੇਰੀਆ ਬੁਖਾਰ ਦੇ ਲੱਛਣਾਂ ਬਾਰੇ ਉਨ੍ਹਾਂ ਕਿਹਾ ਕਿ ਠੰਢ ਨਾਲ ਬੁਖਾਰ ਹੋਣਾ, ਤੇਜ਼ ਬੁਖਾਰ, ਉਲਟੀਆਂ ਆਉਣਾ ਤੇ ਸਿਰਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਆਦਿ ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ’ਚ ਉਕਤ ਲੱਛਣ ਪਾਏ ਜਾਂਦੇ ਹਨ ਤਾਂ ਉਸਨੂੰ ਤੁਰੰਤ ਸਰਕਾਰੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਪੁੱਜ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸਰਕਾਰੀ ਹਸਪਤਾਲਾਂ ’ਚ ਮਲੇਰੀਆਂ ਦਾ ਇਲਾਜ ਅਤੇ ਸਾਰੇ ਟੈਸਟ ਮੁਫਤ ਕੀਤੇ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਮਲੇਰੀਆ ਬੁਖਾਰ ਤੋਂ ਬਚਾਅ ਲਈ ਛੱਪੜਾਂ ’ਚ ਖੜ੍ਹੇ ਪਾਣੀ ਵਿੱਚ ਇੱਕ ਹਫਤੇ ’ਚ ਇੱਕ ਵਾਰ ਕਾਲਾ ਤੇਲ ਪਾਉਣ, ਸੋਣ ਸਮੇਂ ਮੱਛਰਦਾਨੀ ਦਾ ਪ੍ਰਯੋਗ ਕਰਨ, ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਆਦਿ ਦੀ ਵਰਤੋਂ ਕਰਨ, ਤਾਂ ਜੋ ਮਲੇਰੀਆ ਬੁਖਾਰ ਤੋਂ ਬਚਿਆ ਜਾ ਸਕੇ। ਇਸ ਮੌਕੇ ਮਲੇਰੀਆ ਸਬੰਧੀ ਪੋਸਟਰ ਮੁਕਾਬਲ ਕਰਵਾਏ ਗਏ ਅਤੇ ਇਨਾਮ ਵੰਡੇ ਗਏ। ਇਸ ਮੌਕੇ ਸਿਹਤ ਵਿਭਾਗ ਦੇ ਡਾਕਟਰ ਮੰਜੂ ਬਾਂਸਲ, ਜਸਵਿੰਦਰ ਸਿੰਘ, ਸੁਖਮੰਦਰ ਕੌਰ, ਸਿਮਰਜੀਤ ਕੌਰ ਅਤੇ ਇਲਾਕੇ ਦੇ ਇਕ ਨਰਸਿੰਗ ਕਾਲਜ ਦੀਆਂ ਵਿਦਿਆਰਥੀਆਂ ਵੀ ਮੌਜੂਦ ਸਨ।