ਸੀਪੀਆਈ (ਐੱਮ) ਜਥੇ ਦਾ ਸ੍ਰੀ ਮੁਕਤਸਰ ਸਾਹਿਬ ਪਹੁੰਚਣ ’ਤੇ ਸਵਾਗਤ
ਕੇਂਦਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ 24 ਮਾਰਚ ਨੂੰ ਦਿੱਲੀ ਰੈਲੀ ’ਚ ਮਿਹਨਤਕਸ ਕਰਨਗੇ ਕੇਂਦਰ ਨੂੰ ਚੈਲੰਜ : ਕਾ. ਸੁਖਵਿੰਦਰ ਸੇਖੋਂ
Publish Date: Wed, 18 Mar 2026 04:34 PM (IST)
Updated Date: Wed, 18 Mar 2026 04:37 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦੇਸ਼ ਦੇ ਕਿਰਤੀਆਂ, ਕਿਸਾਨਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਭਖਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੀਪੀਆਈ ਐਮ ਪੰਜਾਬ ਵੱਲੋਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੇਐਨ ਉਮੇਸ਼ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ’ਚ ਕੀਤੇ ਜਾ ਰਹੇ ਜੱਥਾ ਮਾਰਚ ਦੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ ’ਤੇ ਜ਼ਿਲ੍ਹਾ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ, ਅਲਬੇਲ ਸਿੰਘ, ਤਰਸੇਮ ਲਾਲ, ਰਾਜ ਕੁਮਾਰ, ਧਰਮਪਾਲ, ਲਛਮਣ ਸਿੰਘ, ਠਾਕੁਰ ਸਿੰਘ ਆਦਿ ਦੀ ਅਗਵਾਈ ਹੇਠ ਸਾਥੀਆਂ ਨੇ ਜੱਥੇ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਦੀ ਫਿਰਕੂ, ਫਾਸੀਵਾਦੀ ਅਤੇ ਕਾਰਪੋਰੇਟ ਪੱਖੀ ਮੋਦੀ ਸਰਕਾਰ ਜੋ ਅਮਰੀਕਾ ਦੇ ਦਬਾਅ ਹੇਠ ਆ ਕੇ ਦੇਸ਼ ਦੇ ਹਿੱਤਾਂ ਨੂੰ ਗਹਿਣੇ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਲੇਬਰ ਕੋਡ ਲਿਆ ਕੇ ਜਿੱਥੇ ਮਜ਼ਦੂਰਾਂ ਦੀ ਕਿਰਤ ਦਾ ਸ਼ੋਸਣ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨੀ ਨੂੰ ਤਬਾਹ ਕਰਨ ਲਈ ਇਕਤਰਫਾ ਖੇਤੀ ਸਮਝੌਤਾ ਕੀਤਾ ਹੈ, ਜਿਸ ਨਾਲ ਦੇਸ ਦੀ ਕਿਰਸਾਨੀ ਦਾ ਲੱਕ ਟੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲੇਬਰ ਕੋਡ ਵਾਪਸ ਕਰਵਾਉਣ, ਮਨਰੇਗਾ ਬਚਾਉਣ, ਬਿਜਲੀ ਸੋਧ ਬਿੱਲ 2025 ਰੱਦ ਕਰਵਾਉਣ, ਬੀਜ ਬਿੱਲ 2026 ਰੱਦ ਕਰਵਾਉਣ, ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਵਾਉਣ ਅਤੇ ਮਹਿੰਗਾਈ ਨੂੰ ਠੱਲ ਪਾਉਣ ਲਈ 24 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ-ਮਜ਼ਦੂਰ ਸ਼ਾਮਲ ਹੋਣਗੇ। ਇਸ ਮੌਕੇ ਉਨ੍ਹਾਂ ਪਾਰਟੀ ਸਾਥੀਆਂ ਨੂੰ ਅਪੀਲ ਕੀਤੀ ਕਿ ਜਨਤਕ ਜਥੇਬੰਦੀਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਵੀ ਚਰਚਾ ਕਰਦਿਆਂ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਖਰਾਬ ਹੋ ਗਈ ਹੈ, ਗੈਂਗਸਟਰ ਦਨਦਨਾਉਂਦੇ ਫਿਰ ਰਹੇ ਹਨ ਅਤੇ ਨਸ਼ੇ ਨੂੰ ਠੱਲ ਪਾਉਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪਾਰਟੀ ਦੇ ਸਰਪੰਚ ਕੋਲੋਂ 18 ਕਿਲੋ ਚਿੱਟਾ ਫੜਿਆ ਜਾਣਾ ਇਸਦਾ ਸਬੂਤ ਹੈ। ਉਨ੍ਹਾਂ ਕਿਹਾ ਕਿ 24 ਮਾਰਚ ਦੀ ਦਿੱਲੀ ਰੈਲੀ ਮੌਕੇ ਸਰਕਾਰ ਨੂੰ ਇਹ ਮੰਗਾਂ ਮੰਨਣ ਜਾਂ ਸੱਤਾ ਤੋਂ ਪਾਸੇ ਹਟਣ ਦਾ ਚੈਲੰਜ ਕੀਤਾ ਜਾਵੇਗਾ। ਇਸ ਇਕੱਠ ਨੂੰ ਉਨ੍ਹਾਂ ਤੋਂ ਇਲਾਵਾ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੇ. ਐਨ. ਉਮੇਸ਼, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਜਤਿੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਤਰਸੇਮ ਲਾਲ ਨੇ ਨਿਭਾਈ ਜਦੋਂ ਕਿ ਆਏ ਹੋਏ ਸਾਥੀਆਂ ਦਾ ਜਿੱਥੇ ਜ਼ਿਲ੍ਹਾ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ ਨੇ ਧੰਨਵਾਦ ਕੀਤਾ, ਉੱਥੇ ਹੀ 24 ਮਾਰਚ ਨੂੰ ਦਿੱਲੀ ਰੈਲੀ ਚ ਜਾਣ ਲਈ ਡਿਊਟੀਆਂ ਵੀ ਲਗਾਈਆਂ। ਇਸ ਮੌਕੇ ਕਾਮਰੇਡ ਗੁਰਦਾਸ ਸਿੰਘ, ਹਰਵਿੰਦਰ ਪਾਲ, ਰੁਕਮਦਾਸ, ਪ੍ਰਦੀਪ ਦੁੱਗਲ, ਮੱਖਣ ਸਿੰਘ, ਤਰਸੇਮ ਬਾਜਾ, ਸੁਖਦੇਵ ਸਿੰਘ, ਬਲਵੀਰ ਸਿੰਘ, ਹਰਨੇਕ ਸਿੰਘ, ਰੂਪ ਸਿੰਘ, ਨਰਿੰਦਰ ਕੌਰ, ਨਛੱਤਰ ਸਿੰਘ, ਬਾਜ ਸਿੰਘ, ਗੁਰਮੀਤ ਕੌਰ, ਜਸਵੀਰ ਕੌਰ, ਸੁਰਜੀਤ ਕੌਰ, ਮਲਕੀਤ ਸਿੰਘ, ਜਗੀਰ ਸਿੰਘ, ਸੂਬਾ ਸਿੰਘ, ਮਿੱਠੂ ਸਿੰਘ, ਸੰਤੋਖ ਸਿੰਘ, ਚੰਦ ਸਿੰਘ, ਗੁਰਜੰਟ ਸਿੰਘ, ਇੰਦਰਜੀਤ ਸਿੰਘ, ਰਤਨ ਸਿੰਘ ਆਦਿ ਤੋਂ ਇਲਾਵਾ, ਪਿੰਡ ਰੁਪਾਣਾ, ਧਿਗਾਣਾ, ਫੱਤਣਵਾਲਾ, ਝਬੇਲਵਾਲੀ, ਲੰਡੇਰੋਡੇ, ਬਾਜਾ ਮਰਾੜ ਤੋਂ ਵੀ ਵੱਡੀ ਗਿਣਤੀ ’ਚ ਸਾਥੀ ਪਹੁੰਚੇ ਹੋਏ ਸਨ।