ਟਰੈਕਟਰ-ਟਰਾਲੀ ਦੀ ਟੱਕਰ ਨਾਲ ਔਰਤ ਦੀ ਮੌਤ
ਟਰੈਕਟਰ-ਟਰਾਲੀ ਦੀ ਟੱਕਰ ਨਾਲ ਔਰਤ ਦੀ ਮੌਤ
Publish Date: Tue, 14 Apr 2026 06:24 PM (IST)
Updated Date: Wed, 15 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇੱਕ ਔਰਤ ਦੀ ਮੌਤ ਦੇ ਮਾਮਲੇ ’ਚ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਦਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਸ਼ਿਕਾਇਤ ਕਰਤਾ ਗੁਰਮੀਤ ਸਿੰਘ ਵਾਸੀ ਵਿਰਕ ਕਲਾਂ (ਬਠਿੰਡਾ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ 12 ਅਪ੍ਰੈਲ ਨੂੰ ਆਪਣੀ ਭੈਣ ਵੀਰਪਾਲ ਕੌਰ ਨੂੰ ਮਿਲਣ ਪਿੰਡ ਗੁਰੂਸਰ ਆਇਆ ਹੋਇਆ ਸੀ। ਜਦੋਂ ਉਹ ਆਪਣੇ ਜੀਜਾ ਕੁਲਦੀਪ ਸਿੰਘ ਦੇ ਮੋਟਰਸਾਈਕਲ ’ਤੇ ਆਪਣੀ ਭੈਣ ਨਾਲ ਗੁਰੂਸਰ ਸਥਿਤ ਵੱਡੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਤਾਂ ਰੁਖਾਲਾ ਨਹਿਰ ਦੇ ਪੁਲ ਕੋਲ ਸਾਹਮਣੇ ਤੋਂ ਆ ਰਹੀ ਮਿੱਟੀ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਅਤੇ ਗੁਰਮੀਤ ਸਿੰਘ ਖੱਬੇ ਪਾਸੇ ਜਾ ਡਿੱਗੇ, ਜਦਕਿ ਵੀਰਪਾਲ ਕੌਰ ਸੱਜੇ ਪਾਸੇ ਸੜਕ ’ਤੇ ਡਿੱਗ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਤੇਜ਼ ਰਫ਼ਤਾਰ ਟਰੈਕਟਰ ਵੀਰਪਾਲ ਕੌਰ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਉਸਨੂੰ ਤੁਰੰਤ ਗਿੱਦੜਬਾਹਾ ਦੇ ਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਆਪਣਾ ਸਵਰਾਜ ਟਰੈਕਟਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਮੇਜਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੁਰੂਸਰ ਵਜੋਂ ਹੋਈ ਹੈ। ਗਿੱਦੜਬਾਹਾ ਪੁਲਿਸ ਨੇ ਸ਼ਿਕਾਇਤਕਰਤਾ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਮੇਜਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।