ਵਿਕਾਸ ਕਾਰਜ ਸ਼ੁਰੂ ਕਰਾਉਣ ਲਈ ਭੁੱਖ ਹੜਤਾਲ ’ਤੇ ਬੈਠਾਂਗਾ : ਪਾਸ਼ਾ
ਵਿਕਾਸ ਕਾਰਜ ਸ਼ੁਰੂ ਕਰਾਉਣ ਲਈ ਭੁੱਖ ਹੜਤਾਲ ’ਤੇ ਬੈਠਾਂਗਾ: ਪਾਸ਼ਾ
Publish Date: Fri, 06 Feb 2026 04:47 PM (IST)
Updated Date: Fri, 06 Feb 2026 04:50 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਵਾਰਡ ਨੰ: 15 ਦੇ ਕੌਂਸਲਰ ਮਨਜੀਤ ਕੌਰ ਦੇ ਪਤੀ ਪਰਮਿੰਦਰ ਸਿੰਘ ਪਾਸ਼ਾ ਸਾਬਕਾ ਕੌਂਸਲਰ ਤੇ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਸ਼ੋ੍ਮਣੀ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੇਕਰ 13 ਫਰਵਰੀ ਤੱਕ ਵਾਰਡ ਨੰ: 15 ’ਚ ਪਾਸ ਹੋਏ ਵਿਕਾਸ ਕਾਰਜ ਸ਼ੁਰੂ ਨਾ ਕਰਵਾਏ ਗਏ ਤਾਂ 14 ਫਰਵਰੀ ਤੋਂ ਭੁੱਖ ਹੜਤਾਲ ’ਤੇ ਬੈਠਾਂਗਾ। ਉਨ੍ਹਾਂ ਕਿਹਾ ਕਿ 24 ਅਪ੍ਰੈਲ 2025 ਨੂੰ ਨਗਰ ਕੌਂਸਲ ਦੀ ਮੀਟਿੰਗ ਵਿੱਚ ਵਿਕਾਸ ਕਾਰਜਾਂ ਸਬੰਧੀ ਮਤੇ ਪਾਸ ਹੋਏ ਸਨ। ਉਨ੍ਹਾਂ ਕਿਹਾ ਕਿ ਕਰੀਬ 9 ਮਹੀਨੇ ਬੀਤ ਜਾਣ ’ਤੇ ਵੀ ਵਿਕਾਸ ਕੰਮ ਸ਼ੁਰੂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਵਾਰਡ ਵਿੱਚ ਸਾਢੇ ਚਾਰ ਕਰੋੜ ਰੁਪਏ ਦੇ ਵਿਕਾਸ ਦੇ ਕੰਮ ਮਨਜ਼ੂਰ ਹੋਏ ਹਨ। ਕੁਝ ਦਿਨ ਪਹਿਲਾਂ ਇਸ ਸਬੰਧੀ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਅਤੇ ਮੁੱਖ ਮੰਤਰੀ, ਲੋਕਲ ਬਾਡੀਜ਼ ਮੰਤਰੀ ਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਵੀ ਉਹ ਆਪਣੇ ਵਾਰਡ ਦੇ ਵਿਕਾਸ ਨੂੰ ਪਹਿਲ ਦੇਣਗੇ ਅਤੇ ਲਗਾਤਾਰ ਭੁੱਖ ਹੜਤਾਲ ’ਤੇ ਹਲਕਾ ਵਿਧਾਇਕ ਦੇ ਗ੍ਰਹਿ ਅੱਗੇ ਜਾਂ ਵਾਰਡ ਵਿੱਚ ਬੈਠਣਾ ਹੈ, ਇਹ ਫੈਸਲਾ ਵਾਰਡ ਵਾਸੀਆਂ ਦੀ ਸਲਾਹ ਨਾਲ ਕਰਨਗੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਦੇਰੀ ਨੂੰ ਲੈ ਕੇ ਰੋਸ ਵਜੋਂ ਇਹ ਕਦਮ ਚੁੱਕਣਾ ਪੈ ਰਿਹਾ ਹੈ।