ਫੁਲਝੜੀਆਂ ਸੁੱਟ ਕੇ ਕਣਕ ਦੀ ਫਸਲ ਨੂੰ ਲਗਾਈ ਅੱਗ
ਫੁਲਝੜੀਆਂ ਸੁੱਟ ਕੇ ਕਣਕ ਦੀ ਫਸਲ ਨੂੰ ਲਗਾਈ ਅੱਗ
Publish Date: Tue, 21 Apr 2026 05:13 PM (IST)
Updated Date: Tue, 21 Apr 2026 05:16 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਬੀਤੀ ਰਾਤ ਅਣਪਛਾਤਾ ਕਾਰ ਸਵਾਰ ਵਿਅਕਤੀ ਪਿੰਡ ਖ਼ਾਨੇ ਕੀ ਢਾਬ ਦੇ ਸਾਬਕਾ ਅਕਾਲੀ ਸਰਪੰਚ ਰਘਬੀਰ ਸਿੰਘ ਦੀ 50 ਏਕੜ ਤੋਂ ਵੱਧ ਕਣਕ ਦੀ ਫਸਲ ਨੂੰ ਸਾੜ ਗਿਆ। ਉਕਤ ਕਿਸਾਨ ਦੇ ਖੇਤਾਂ ’ਚ ਦੀਵਾਲੀ ਵੇਲੇ ਚੱਲਣ ਵਾਲੀਆਂ ਫੁਲਝੜੀਆਂ ਮਿਲੀਆਂ ਹਨ। ਓਧਰ ਪੁਲਿਸ ਕੋਲ ਪੀੜ੍ਹਤ ਕਿਸਾਨ ਨੇ ਸ਼ਿਕਾਇਤ ਦੇ ਦਿੱਤੀ ਹੈ। ਇਸ ਘਟਨਾ ਨਾਲ ਪਿੰਡ ਵਾਸੀਆਂ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਲਕਾ ਮਲੋਟ ’ਚ ਪਿਛਲੇ ਦਿਨੀਂ ਬੇਸ਼ੱਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਕਈ ਪਿੰਡਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਸੜ ਗਈ ਸੀ ਪਰ ਹੁਣ ਇਹ ਨਵੀਂ ਘਟਨਾ ਵਾਪਰ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਖਾਨੇ ਕੀ ਢਾਬ ਦੇ ਸਾਬਕਾ ਅਕਾਲੀ ਸਰਪੰਚ ਦੀ ਖੜ੍ਹੀ ਕਣਕ ਦੀ ਫਸਲ ’ਚ ਕੋਈ ਅਣਪਛਾਤਾ ਕਾਰ ਸਵਾਰ ਵਿਅਕਤੀ ਫੁਲਝੜੀਆਂ ਸੁੱਟ ਕੇ ਕਣਕ ਨੂੰ ਅੱਗ ਲਗਾ ਗਿਆ ਜਿਸ ਨਾਲ ਕਰੀਬ 50 ਏਕੜ ਖੜ੍ਹੀ ਕਣਕ ਸੜ ਗਈ ਹੈ। ਪੀੜ੍ਹਤ ਕਿਸਾਨ ਸਾਬਕਾ ਸਰਪੰਚ ਰਘਬੀਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਗੁਆਂਢੀ ਕਿਸਾਨ ਜੋ ਖੇਤਾਂ ’ਚ ਕੰਮ ਕਰ ਰਿਹਾ ਸੀ ਉਸਨੇ ਸੂਚਨਾ ਦਿੱਤੀ ਕਿ ਕੋਈ ਕਾਰ ਸਵਾਰ ਫੁਲਝੜੀਆਂ ਸੁੱਟ ਕੇ ਉਨਾਂ ਦੀ ਕਣਕ ਨੂੰ ਅੱਗ ਲਗਾ ਕੇ ਭੱਜ ਗਿਆ ਹੈ ਜਦ ਜਾ ਕੇ ਦੇਖਿਆ ਤਾਂ ਕਰੀਬ 50 ਏਕੜ ਕਣਕ ਸੜ ਗਈ ਸੀ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਓਧਰ ਪੁਲਿਸ ਵੱਲੋਂ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।