ਮਹੀਨੇ ਤੋਂ ਪਾਣੀ ਦਾ ਪਿਆ ਕਾਲ, ਬਿੱਲਾਂ ਦੀ ਬਾਰਸ਼ ਜਾਰੀ
ਮਹੀਨੇ ਤੋਂ ਜਲਘਰ ਦੇ ਪਾਣੀ ਦਾ ਪਿਆ ਕਾਲ, ਬਿੱਲਾਂ ਦੀ ਬਾਰਸ਼ ਜਾਰੀ
Publish Date: Tue, 17 Feb 2026 04:40 PM (IST)
Updated Date: Tue, 17 Feb 2026 04:42 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਸ਼ਹਿਰ ਵਿੱਚ ਕਰੀਬ ਇਕ ਮਹੀਨੇ ਤੋਂ ਪੀਣ ਵਾਲੇ ਪਾਣੀ ਦਾ ਕਾਲ ਪਿਆ ਹੋਇਆ ਹੈ, ਜਿਸ ਕਰਕੇ ਲੋਕਾਂ ਨੂੰ ਪੀਣ ਅਤੇ ਨਹਾਉਣ-ਧੌਣ ਵਾਸਤੇ ਪਾਣੀ ਮੁੱਲ ਲੈਣਾ ਪੈ ਰਿਹਾ ਹੈ। ਦੂਜੇ ਪਾਸੇ ਪਾਣੀ ਦੇ ਬਿੱਲ ਲਗਾਤਾਰ ਆ ਰਹੇ ਹਨ। ਇਸਤੇ ਰੋਸ ਜਾਹਿਰ ਕਰਦਿਆਂ ਸਮਾਜ ਸੇਵੀ ਕਰਮਜੀਤ ਸਿੰਘ ਕਰਮਾ ਨੇ ਦੱਸਿਆ ਕਿ ਜਲਘਰ ’ਚ ਪਾਣੀ ਸਟੋਰ ਕਰਨ ਵਾਸਤੇ ਤਿੰਨ ਵੱਡੇ ਟੈਂਕ ਬਣੇ ਹਨ ਤਾਂ ਕਿ ਬੰਦੀ ਜਾਂ ਕਿਸੇ ਹੋਰ ਕਾਰਣ ਕਰਕੇ ਪਾਣੀ ਦੀ ਸਪਲਾਈ ਰੁਕ ਜਾਣ ’ਤੇ ਸਟੋਰ ਕੀਤਾ ਪਾਣੀ ਵਰਤਿਆ ਜਾ ਸਕੇ। ਪਰ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲ ਕਰਕੇ ਪਾਣੀ ਸਟੋਰ ਨਹੀਂ ਕੀਤਾ ਗਿਆ ਜਿਸ ਕਰਕੇ ਟੈਂਕੀਆਂ ਖਾਲ੍ਹੀ ਹੋ ਗਈਆਂ ਹਨ ਤੇ ਲਾ ਹੀ ਸਬਮਰਸੀਬਲ ਪੰਪ ਵਰਤੇ ਜਾ ਰਹੇ ਹਨ ਜਿਸ ਕਰਕੇ ਹੁਣ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਮਹੀਨਿਆਂ ਬੱਧੀ ਨਹੀਂ ਆ ਰਿਹਾ ਤਾਂ ਇਸਦੇ ਬਿੱਲ ਵੀ ਮੁਆਫ ਹੋਣੇ ਚਾਹੀਦੇ ਹਨ। ਇਸਦੇ ਨਾਲ ਹੀ ਉਨ੍ਹਾਂ ਸਬਮਰਸੀਬਲ ਪੰਪਾਂ ਦਾ ਪਾਣੀ ਸਪਲਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਜਲ ਘਰ ਦੇ ਐਸਡੀਓ ਜਗਮੋਹਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਨਹਿਰਾਂ ’ਚ 60 ਦਿਨਾਂ ਦੀ ਬੰਦੀ ਹੈ ਜਿਸ ਕਰਕੇ ਸਟੋਰ ਕੀਤਾ ਪਾਣੀ ਖਤਮ ਹੋ ਗਿਆ ਹੈ। ਫਿਰ ਵੀ ਸ਼ਹਿਰ ਵਿੱਚ ਕੁੱਝ ਦਿਨਾਂ ਬਾਅਦ ਵਾਰੀ ਸਿਰ ਪਾਣੀ ਛੱਡਿਆ ਜਾ ਰਿਹਾ ਹੈ। ਇਹ ਸੰਕਟ ਅਜੇ ਕੁੱਝ ਦਿਨ ਹੋਰ ਜਾਰੀ ਰਹੇਗਾ।