ਜਦੋਂ ਤੱਕ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਦੋਂ ਤੱਕ ਨਹੀਂ ਚੱਲੇਗਾ ਵੜਿੰਗ ਟੋਲ ਪਲਾਜ਼ਾ : ਮਿੰਕਲ ਬਜਾਜ
ਜਦੋਂ ਤੱਕ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਦੋਂ ਤੱਕ ਨਹੀਂ ਚੱਲੇਗਾ ਵੜਿੰਗ ਟੋਲ ਪਲਾਜ਼ਾ : ਮਿੰਕਲ ਬਜਾਜ
Publish Date: Wed, 04 Feb 2026 03:36 PM (IST)
Updated Date: Wed, 04 Feb 2026 03:38 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਜਪਾ ਦੇ ਸੀਨੀਅਰ ਆਗੂ ਮਿੰਕਲ ਬਜਾਜ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਕੋਟਕਪੂਰਾ ਰੋਡ ਸਥਿਤ ਵਿਵਾਦਾਂ ’ਚ ਘਿਰੇ ਵੜਿੰਗ ਟੋਲ ਪਲਾਜ਼ੇ ਨੂੰ ਮੁੜ ਚਲਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਿੰਕਲ ਬਜਾਜ ਨੇ ਦੱਸਿਆ ਕਿ ਉਕਤ ਟੋਲ ਪਲਾਜ਼ਾ ਕੰਪਨੀ ਜੋ ਮੁੱਢਲੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ ਫਿਰ ਭਾਵੇਂ ਸੜਕ ਦੀ ਚੌੜਾਈ ਹੋਵੇ ਜਾਂ ਫਿਰ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾ ਨਹਿਰਾਂ ਦੇ ਪੁੱਲ ਬਣਾਉਣ ਦੀ ਸ਼ਰਤ ਹੋਏ, ਹਾਲਾਕਿ ਉਕਤ ਕੰਪਨੀ ਕਈ ਵਾਰ ਕਿਸਾਨੀ ਜਥੇਬੰਦੀਆਂ ਨਾਲ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਦੇ ਵਾਅਦੇ ਕਰ ਚੁੱਕੀ ਹੈ ਪਰ ਮਾਮਲਾ ਫਿਰ ਜਿਉਂ ਦਾ ਤਿਉਂ ਹੈ ਕਿ ਇਸ ਟੋਲ ਪਲਾਜ਼ਾ ਕੰਪਨੀ ਦੀਆਂ ਗਲ਼ਤੀਆਂ ਦਾ ਖਾਮਿਆਜ਼ਾ ਨਿਰਦੋਸ਼ ਲੋਕਾਂ ਨੂੰ ਆਪਣੀਆਂ ਜਾਨਾਂ ਗੁਵਾ ਕੇ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਗਵਰਨ ਤੱਕ ਅਰਜ਼ੀਆਂ ਦਿੱਤੀਆਂ ਗਈਆਂ ਤਾਂ ਜੋ ਕਿਤੇ ਜਾ ਕੇ ਇਸ ਟੋਲ ਪਲਾਜ਼ੇ ਨੂੰ ਬੰਦ ਕਰਵਾਇਆ ਗਿਆ, ਕਿਉਂਕਿ ਇਹ ਖੂਨੀ ਟੋਲ ਪਲਾਜ਼ਾ ਹੈ। ਇਸ ਮੌਕੇ ਉਨ੍ਹਾਂ ਟੋਲ ਕੰਪਨੀ ’ਤੇ ਦੋਸ਼ ਲਗਾਏ ਕਿ 2015 ਤੋਂ ਲੈ ਕੇ ਹੁਣ ਤੱਕ ਟੋਲ ਕੰਪਨੀ ਪਰਚੀ ਦੇ ਰੂਪ ’ਚ ਲੋਕਾਂ ਦੀ ਲੁੱਟ ਕਰਦੀ ਆ ਰਹੀ ਹੈ, ਪਰ ਇਸ ਕੰਪਨੀ ਤੋਂ ਅਜੇ ਤੱਕ ਬਣਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਮੌਕੇ ਮਿੰਕਲ ਬਜਾਜ ਨੇ ਕਿਹਾ ਕਿ ਅਸੀਂ ਟੋਲ ਪਰਚੀ ਦੇਣ ਲਈ ਤਿਆਰ ਹਾਂ ਪਰ ਟੋਲ ਕੰਪਨੀ ਵੱਲੋਂ ਪੈਮਾਨੇ ਅਨੁਸਾਰ ਸ਼ਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਕਿਸੇ ਵਿਅਕਤੀ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਅਸੀਂ ਸਮੁੱਚੇ ਸ਼ਹਿਰ ਤੇ ਇਲਾਕਾ ਨਿਵਾਸੀ, ਸਮਾਜ ਸੇਵੀ ਜਥੇਬੰਦੀਆਂ, ਕਿਸਾਨੀ ਜਥੇਬੰਦੀਆਂ ਉਦੋਂ ਤੱਕ ਇਸ ਟੋਲ ਨੂੰ ਚੱਲਣ ਨਹੀਂ ਦੇਵਾਂਗੇ ਜਦੋਂ ਤੱਕ ਇੱਥੇ ਇੱਕ ਐਂਬੂਲੈਂਸ, ਬਾਥਰੂਮ, ਜੁੜਵਾ ਨਹਿਰਾਂ ਦੇ ਪੁੱਲ ਅਤੇ ਮੁਕਤਸਰ ਤੋਂ ਕੋਟਕਪੂਰਾ ਤੱਕ ਸੜਕ ਦੀ ਮੁਰੰਮਤ ਨਹੀਂ ਹੁੰਦੀ ਉਦੋਂ ਤੱਕ ਇਹ ਟੋਲ ਪਲਾਜ਼ਾ ਨਹੀਂ ਚੱਲਣ ਦਿੱਤਾ ਜਾਵੇਗਾ, ਫਿਰ ਸਾਨੂੰ ਭਾਵੇਂ ਇਸਦੀ ਲੜਾਈ ਲਈ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਉਣਾ ਪਵੇ, ਅਸੀਂ ਹਰ ਸੰਘਰਸ਼ ਕਰਾਂਗੇ। ਪਰ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਦਾ ਇਕੱਤਰ ਕੀਤਾ ਪੈਸਾ ਕਿਸੇ ਵਿਅਕਤੀ ਦੀ ਜੇਬ ਵਿੱਚ ਨਹੀਂ ਪੈਣ ਦੇਵਾਂਗੇ।