ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ’ਤੇ ਚੱਲਿਆ ਬੁਲਡੋਜ਼ਰ
'ਯੁੱਧ ਨਸ਼ਿਆਂ ਵਿਰੁੱਧ' ਸ੍ਰੀ ਮੁਕਤਸਰ ਸਾਹਿਬ ’ਚ ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ’ਤੇ ਚੱਲਿਆ ਬੁਲਡੋਜ਼ਰ
Publish Date: Tue, 14 Apr 2026 04:04 PM (IST)
Updated Date: Wed, 15 Apr 2026 04:01 AM (IST)

-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਇਕ ਅਣਅਧਿਕਾਰਤ ਇਮਾਰਤ ਢੇਰ ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਇੱਕ ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਇਮਾਰਤ ਨੂੰ ਢਾਹਿਆ ਗਿਆ। ਇਸ ਮੌਕੇ ਸਿਵਲ ਪ੍ਰਸ਼ਾਸਨ ਨਾਇਬ ਤਹਿਸੀਲਦਾਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਥਾਣਾ ਬਰੀਵਾਲਾ ਅੰਦਰ ਆਉਂਦੇ ਪਿੰਡ ਮਰਾੜ ਕਲਾਂ ਦੇ ਗੁਰਜੀਤ ਸਿੰਘ ਉਰਫ ਨਿੱਕੂ ਪੁੱਤਰ ਕਾਰਜ ਸਿੰਘ ਦੀ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਇਮਾਰਤ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸਨੂੰ ਢਾਉਣ ਦੀਆਂ ਹਦਾਇਤਾਂ ਪ੍ਰਾਪਤ ਕਰਕੇ ਪੁਲਿਸ ਵਿਭਾਗ ਤੋਂ ਮੌਕੇ ’ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਮਦਦ ਲਈ ਗਈ ਸੀ। ਉਨ੍ਹਾਂ ਕਿਹਾ ਕਿ ਪੂਰੇ ਕਾਨੂੰਨੀ ਤਰੀਕੇ ਦੀ ਪਾਲਣਾ ਕਰਦਿਆਂ ਇਸ ਗੈਰ ਕਾਨੂੰਨੀ ਇਮਾਰਤ ਨੂੰ ਅੱਜ ਢਾਹਿਆ ਗਿਆ। ਇਸ ਮਾਮਲੇ ’ਚ ਮਨਮੀਤ ਢਿੱਲੋਂ, ਐਸਪੀ (ਡੀ) ਨੇ ਦੱਸਿਆ ਕਿ ਗੁਰਜੀਤ ਸਿੰਘ ਉਰਫ ਨਿੱਕੂ ਪੁੱਤਰ ਕਾਰਜ ਸਿੰਘ ਤੇ ਨਸ਼ਾ ਤਸਕਰੀ ਦੇ 02 ਮੁਕੱਦਮੇ ਦਰਜ ਹਨ। ਮਨਮੀਤ ਢਿੱਲੋਂ, ਐਸਪੀਡੀ ਨੇ ਦੱਸਿਆ ਕਿ ਅਭਿਮੰਨਿਊ ਰਾਣਾ, ਆਈਪੀਐਸ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹੇ ’ਚ ਵਿਆਪਕ ਪੱਧਰ ’ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸਨੂੰ ਕੰਪੀਟੈਂਟ ਅਥੋਰਿਟੀ ਦਿੱਲੀ ਤੋਂ ਅਟੈਚ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਇਸਦੀ ਸੂਚਨਾ ਪੁਲਿਸ ਨੂੰ ਨਿਡਰ ਹੋ ਕੇ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬਚਨ ਸਿੰਘ ਡੀਐੱਸਪੀ (ਸ੍ਰੀ ਮੁਕਤਸਰ ਸਾਹਿਬ), ਐਸਆਈ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਸ੍ਰੀ ਮੁਕਤਸਰ ਸਾਹਿਬ ਅਤੇ ਸਿਵਲ ਪ੍ਰਸ਼ਾਸਨ ਵੀ ਹਾਜ਼ਰ ਸਨ।