ਪਿੰਡ ਜਿਉਂਦ ਜਬਰ ਖਿਲਾਫ 6 ਮਾਰਚ ਦੇ ਮੁਜ਼ਾਹਰੇ ਸਬੰਧੀ ਕੀਤੀ ਲਾਮਬੰਦੀ
ਪਿੰਡ ਜਿਉਂਦ ਜ਼ਬਰ ਖਿਲਾਫ 6 ਮਾਰਚ ਦੇ ਮੁਜ਼ਾਹਰੇ ਸਬੰਧੀ ਪਿੰਡਾਂ ’ਚ ਲੋਕਾਂ ਨੂੰ ਕੀਤਾ ਲਾਮਬੰਦ
Publish Date: Thu, 05 Mar 2026 04:46 PM (IST)
Updated Date: Fri, 06 Mar 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇੱਕਠ ਤੇ 18 ਫਰਵਰੀ ਨੂੰ ਪੁਲਿਸ ਵੱਲੋਂ ਕੀਤੇ ਅੰਨੇ ਜ਼ਬਰ ਢਾਹੁਣ ਖਿਲਾਫ ਦਰਜਨਾਂ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਅੱਜ ਗਿੱਦੜਬਾਹਾ ਬਲਾਕ ਦੇ ਕਿਸਾਨਾਂ ਮਜ਼ਦੂਰਾਂ ਨੇ ਪਿੰਡ ਬੁੱਟਰ ਸ਼ਰੀਹ, ਭਲਾਈਆਣਾ, ਛੱਤੇਆਣਾ, ਕੋਟਭਾਈ, ਬੁੱਟਰ ਬਖੂਹਾ, ਦੌਲਾ, ਮਧੀਰ, ਰੁਖਾਲਾ, ਸੁਖ਼ਨਾ ਅਬਲੂ, ਦੋਦਾ ਆਦਿ ਪਿੰਡਾਂ ਅੰਦਰ ਜਨਤਕ ਮੁਹਿੰਮ ਰਾਹੀਂ ਲਾਮਬੰਦ ਕੀਤਾ ਤੇ ਸਭਨਾਂ ਨੂੰ ਬਠਿੰਡਾ 6 ਮਾਰਚ ਨੂੰ ਡੀਸੀ ਦਫ਼ਤਰ ਅੱਗੇ ਧਰਨੇ ਮੁਜ਼ਾਹਰੇ ’ਚ ਪਹੁੰਚਣ ਦਾ ਸੱਦਾ ਦਿੱਤਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ 18 ਫਰਵਰੀ ਨੂੰ ਪਿੰਡ ਜਿਉਂਦ ਵਿਖੇ ਢਾਹੇ ਜ਼ਬਰ ਲਈ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਕਰਾਰ ਦਿੰਦਿਆਂ ਜਨਤਕ ਮਾਅਫੀ ਮੰਗਣ ਤੋਂ ਇਲਾਵਾ ਬਠਿੰਡਾ ਦੀ ਐੱਸਐੱਸਪੀ ਜੋਤੀ ਯਾਦਵ ਨੂੰ ਤੁਰੰਤ ਬਰਖ਼ਾਸਤ ਕਰਕੇ ਪੀੜਤਾਂ ਦੇ ਦਰਜ਼ ਹੋਏ ਬਿਆਨਾਂ ’ਚ ਦਰਜ਼ ਐੱਸਐੱਸਪੀ ਸਮੇਤ ਸਾਰੇ ਦੋਸ਼ੀਆਂ ਤੇ ਇਰਾਦਾ ਕਤਲ ਅਤੇ ਅਗਵਾਹ ਕਰਨ ਵਰਗਿਆਂ ਧਰਾਵਾਂ ਤਹਿਤ ਪਰਚਾ ਦਰਜ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਵਿਦੇਸ਼ੀ ਧਾੜਵੀਆਂ ਵਾਂਗ ਸਮੁੱਚੇ ਪਿੰਡ ਦੇ ਮਜ਼ਦੂਰਾਂ ਕਿਸਾਨਾਂ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾਂ ਬੇਜ਼ੁਬਾਨ ਜਾਨਵਰਾਂ ਉੱਤੇ ਸਬਕ਼ ਸਿਖਾਉਣ ਦੇ ਇਰਾਦੇ ਨਾਲ ਅੰਨਾਂ ਤੱਸ਼ਦਦ ਢਾਇਆ ਗਿਆ। ਉਨ੍ਹਾਂ ਆਖਿਆ ਕਿ ਹਮਲੇ ਦਾ ਨਿਸ਼ਾਨਾ ਪਿੰਡ ਜਿਉਂਦ ਵਿਖੇ ਮੁਜ਼ਾਹਰੇ ਕਿਸਾਨਾਂ ਨੂੰ ਸੈਂਕੜੇ ਏਕੜ ਜ਼ਮੀਨ ਤੋਂ ਉਜਾੜ ਕੇ ਪੰਜਾਬ ਦੇ ਕਿਸਾਨਾਂ ਤੋਂ ਜ਼ਬਰੀ ਜ਼ਮੀਨਾਂ ਖੋਹਣ ਤੋਂ ਇਲਾਵਾਂ ਸਾਮਰਾਜੀ ਮੁਲਕਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਲਈ ਰਾਹ ਪੱਧਰਾ ਕਰਨਾ ਹੈ। ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਆਪ ਸਰਕਾਰ ਕਿਸਾਨਾਂ ਤੋਂ ਇਲਾਵਾਂ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਸਮੇਤ ਸਭਨਾਂ ਲੋਕਾਂ ’ਤੇ ਆਏ ਦਿਨ ਜ਼ਬਰ ਢਾਹ ਰਹੀ ਹੈ। ਪੰਜਾਬ ’ਚ ਆਏ ਦਿਨ ਨੰਗੇ ਚਿੱਟੇ ਰੂਪ ’ਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਲੱਤਾਂ ’ਚ ਗੋਲ਼ੀਆਂ ਮਾਰਨ ਤੋਂ ਇਲਾਵਾਂ ਲੋਕਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾਉਣ ਰਾਹੀਂ ਪੰਜਾਬ ਨੂੰ ਪੁਲਿਸ ਰਾਜ ’ਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਾਲੇ ਕਾਨੂੰਨਾਂ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਚਾਰ ਲੇਬਰ ਕੋਡ ਕਾਨੂੰਨ ਨਵਾਂ ਮਨਰੇਗਾਂ ਸਕੀਮ ਕਾਨੂੰਨ ਬਣਾਉਣ ਕਰ ਮੁਕਤ ਸਮਝੌਤਾ ਤੇ ਡੇਅਰੀ ਫਾਰਮਿੰਗ ਕਾਨੂੰਨਾਂ ਵੱਡੇ ਵੱਡੇ ਮਾਲ ਬਾਜ਼ਾਰ ਖੋਹਲ ਕੇ ਪਿੰਡਾਂ ਸ਼ਹਿਰਾਂ ਦੀਆਂ ਦੁਕਾਨਾਂ ਖਤਮ ਕਰਨ ਦੀਆਂ ਵਿਦੇਸ਼ੀ ਕਾਰਪੋਰੇਟ ਪੱਖੀ ਨੀਤੀਆਂ ਰੱਦ ਕਰਾਉਣ ਤੋਂ ਜਾਣੂ ਕਰਵਾਇਆਂ।ਉਨ੍ਹਾਂ ਕਿਹਾ ਕਿ ਮੰਗਾਂ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਗਿੱਦੜਬਾਹਾ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਅਜੈਬ ਸਿੰਘ, ਗੁਰਦੇਵ ਸਿੰਘ ਛੱਤੇਆਣਾ, ਮਿੱਠੂ ਸਿੰਘ ਪ੍ਰੇਮੀ, ਗੁਰਦੇਵ ਸਿੰਘ ਬੁੱਟਰ ਸਰੀਂਹ, ਰਣਜੀਤ ਸਿੰਘ, ਮਲਕੀਤ ਸਿੰਘ ਦੋਦਾ, ਇਕਬਾਲ ਸਿੰਘ, ਰਣਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਬੁੱਟਰ ਬਖੂਹਾ, ਜਗਸੀਰ ਸਿੰਘ ਖਾਲਸਾ, ਮੱਘਰ ਸਿੰਘ, ਜਸਪਾਲ ਸਿੰਘ, ਬਲਜੀਤ ਸਿੰਘ ਕੋਟਲੀ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਸ਼ਾਮਲ ਸਨ।