- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ, ਪੀਸੀ ਸ਼ਰਨਜੀਤ ਸਿੰਘ ਮਾਨਯੋਗ ਅਦਾਲਤ ’ਚੋਂ ਜਮਾਨਤ ਬਾਰੇ ਜਾਣਕਾਰੀ ਦੇਣ ਬਦਲੇ 4000/-ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ: ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ, ਪੀਸੀ ਸ਼ਰਨਜੀਤ ਸਿੰਘ ਮਾਨਯੋਗ ਅਦਾਲਤ ’ਚੋਂ ਜਮਾਨਤ ਬਾਰੇ ਜਾਣਕਾਰੀ ਦੇਣ ਬਦਲੇ 4000/-ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਪੀਐੱਚਜੀ, ਪੀਸੀ ਸ਼ਰਨਜੀਤ ਸਿੰਘ ਨੂੰ ਸ੍ਰੀਮਤੀ ਬਬਲੀ ਪਤਨੀ ਮਹਿਤਾ ਰਾਮ ਵਾਸੀ ਗਾਂਧੀ ਨਗਰ ਹਾਲ ਅਬਾਦ ਚਰਚ ਵਾਲੀ ਗਲੀ, ਨੇੜੇ ਲਿਟਲ ਫਲਾਵਰ ਸਕੂਲ, ਬੂੜਾਗੁਜਰ ਰੋਡ ਸ੍ਰੀ ਮੁਕਤਸਰ ਸਾਹਿਬ ਦੀ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਕਿ ਮੇਰੇ ਅਤੇ ਮੇਰੀ ਨੂੰਹ ਸੁਨੇਹਾ ਪਤਨੀ ਸਾਗਰ ’ਤੇ ਨਸ਼ੇ ਦਾ ਇੱਕ ਝੂਠਾ ਮੁਕੱਦਮਾ ਨੰਬਰ 162/2022 ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ ਗਿਆ ਸੀ। ਜੋ ਅਦਾਲਤ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਹੈ। ਮਿਤੀ 12/01/2026 ਨੂੰ ਇਸ ਕੇਸ ’ਚ ਸੁਣਵਾਈ ਦੀ ਤਰੀਕ ਸੀ, ਜਿਸਦੇ ਸਬੰਧ ਵਿੱਚ ਉਸ ਤੋਂ ਕੁੱਝ ਦਿਨ ਪਹਿਲਾ ਸਾਡੇ ਘਰ ਇੱਕ ਪੁਲਿਸ ਮੁਲਾਜ਼ਮ ਆਇਆ ਸੀ, ਜਿਸਨੇ ਕਿਹਾ ਕਿ ਮਿਤੀ 12/01/2026 ਨੂੰ ਕੋਰਟ ’ਚ ਹਾਜ਼ਰ ਹੋ ਜਾਵੋ। ਫਿਰ ਮੈਂ ਜਦੋਂ ਮਿਤੀ 12/01/2026 ਨੂੰ ਕੋਰਟ ’ਚ ਗਈ ਤਾਂ ਉਥੇ ਮੈਨੂੰ ਮੇਰੇ ਵਕੀਲ ਨੇ ਕਿਹਾ ਕਿ ਤੁਸੀਂ ਕੋਰਟ ਦੇ ਬਾਹਰ ਰੁਕੋ, ਜਿਸਨੇ ਮੈਨੂੰ ਕੋਰਟ ਅੰਦਰ ਨਹੀਂ ਜਾਣ ਦਿੱਤਾ। ਜਦੋਂ ਮੈਂ ਆਪਣੇ ਵਕੀਲ ਨੂੰ ਕਿਹਾ ਕਿ, ਮੈਨੂੰ ਪਤਾ ਤਾਂ ਕਰ ਦਿਓ ਕਿ ਮੇਰੀ ਜ਼ਮਾਨਤ ਰੱਦ ਹੋਈ ਹੈ ਜਾਂ ਨਹੀਂ ਤਾਂ ਉਹ ਕਹਿੰਦਾ ਕਿ ਪਹਿਲਾ ਮੇਰੀ ਫੀਸ 15 ਹਜ਼ਾਰ ਰੁਪਏ ਦਿਓ ਫਿਰ ਹੀ ਮੈਂ ਇਸ ਬਾਰੇ ਕਲੀਅਰ ਕਰ ਸਕਾਂਗਾ।
ਮੈਂ ਇਸ ਗੱਲ ਨੂੰ ਲੈ ਕੇ ਕਾਫੀ ਪਰੇਸ਼ਾਨ ਹੋ ਗਈ ਸੀ। ਉਥੇ ਕੋਰਟ ਦੇ ਬਾਹਰ ਮੇਰੀ ਜਾਣਕਾਰ ਰੀਤੂ ਰਾਣੀ ਪੁੱਤਰੀ ਪਿੱਪਲ ਸਿੰਘ ਮਿਲੀ, ਜਿਸਨੇ ਮੈਨੂੰ ਪਰੇਸ਼ਾਨ ਦੇਖ ਕੇ ਪੁੱਛਿਆ, ਕਿ ਕੀ ਗੱਲ ਹੋ ਗਈ ਹੈ। ਜਿਸਨੂੰ ਮੈਂ ਦੱਸਿਆ ਕਿ ਪਤਾ ਨਹੀਂ ਕਿਉਂ, ਮੈਨੂੰ ਵਕੀਲ ਸਾਹਿਬ ਨੇ ਕੋਰਟ ’ਚ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਮੈਨੂੰ ਰੀਤੂ ਰਾਣੀ ਨੇ ਦੱਸਿਆ ਕਿ, ਮੇਰਾ ਜਾਣਕਾਰ ਸ਼ਰਨਜੀਤ ਸਿੰਘ ਜੋ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਾ ਪੁਲਿਸ ਮੁਲਾਜ਼ਮ ਹੈ, ਜੋ ਕੋਰਟ ਵਿੱਚ ਲੱਗਿਆ ਹੋਇਆ ਹੈ। ਫਿਰ ਅਸੀਂ ਦੋਵੇਂ ਕੋਰਟ ਕੰਪਲੈਕਸ ਦੀ ਬਿਲਡਿੰਗ ਦੇ ਮੇਨ ਗੇਟ ਪਰ ਮਿਤੀ 10/02/2026 ਨੂੰ ਸ਼ਰਨਜੀਤ ਸਿੰਘ ਨੂੰ ਮਿਲੀਆਂ। ਸ਼ਰਨਜੀਤ ਸਿੰਘ ਨੂੰ ਅਸੀਂ ਕੇਸ ਦੇ ਸਾਰੇ ਹਾਲਾਤ ਦੱਸੇ, ਜਿਸਨੇ ਸਾਨੂੰ ਕਿਹਾ ਕਿ ਮੈਂ ਇਸ ਸਬੰਧੀ ਕੋਰਟ ਵਿਚੋਂ ਆਪਣੇ ਪੱਧਰ ’ਤੇ ਪਤਾ ਕਰ ਦਿੰਦਾ ਹਾਂ ਕਿ, ਤੁਹਾਡੀ ਜ਼ਮਾਨਤ ਕੈਂਸਲ ਹੋਈ ਹੈ, ਕਿ ਨਹੀਂ ਹੋਈ, ਇਹ ਹਾਜ਼ਰ ਹੈ ਜਾਂ ਗ਼ੈਰਹਾਜ਼ਰ ਹੈ ਤਾਂ ਉਸਨੇ ਕਿਹਾ ਕਿ 1000/-ਰੁਪਏ ਅੱਗੇ ਦੇਣਾ ਹੈ, ਆਪਾਂ ਬਾਅਦ ’ਚ ਫਿਰ ਕਰ ਲਵਾਂਗੇ।
ਮਿਤੀ 11/02/2026 ਨੂੰ ਮੈਂ ਅਤੇ ਰੀਤੂ ਰਾਣੀ ਪੀਐਚਜੀ, ਪੀਸੀ ਸ਼ਰਨਦੀਪ ਸਿੰਘ ਨਾਇਬ ਕੋਰਟ ਨੂੰ ਮਿਲੇ ਤਾਂ ਫਿਰ ਉਸਨੇ 3000/-ਰੁਪਏ ਦੀ ਹੋਰ ਮੰਗ ਕੀਤੀ, ਇਸ ਤਰ੍ਹਾਂ ਪੀਐਚਜੀ, ਪੀਸੀ ਸ਼ਰਨਜੀਤ ਸਿੰਘ ਵੱਲੋਂ ਮੇਰੇ ਪਾਸੋਂ ਵੱਖ ਵੱਖ ਸਮੇਂ ਤੇ ਮੇਰੇ ਕੋਰਟ ਵਿਚੋਂ ਹਾਜ਼ਰ ਜਾਂ ਗ਼ੈਰਹਾਜ਼ਰ ਹੋਣ ਬਾਰੇ ਦੱਸਣ ਲਈ 4 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਬੁਲਾਰੇ ਦੱਸਿਆ ਕਿ ਯੂਨਿਟ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ਿਕਾਇਤ ’ਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 04 ਮਿਤੀ 12-02-2026 ਅ/ਧ 7 ਪੀਸੀ ਐਕਟ 1988 ਐਜ ਅਮੈਡਿਡ ਬਾਏ ਪੀਸੀ (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦਰਜ ਕਰਕੇ ਜਾਲ ਵਿਛਾਇਆ ਅਤੇ ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ ਸ਼ਰਨਜੀਤ ਸਿੰਘ ਪੀਸੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤ ਕਰਤਾ ਪਾਸੋਂ 4,000/-ਰੁਪਏ ਦੀ ਰਿਸ਼ਵਤ ਲੈਂਦੇ ਹੋਏ ਨੂੰ ਬੀਤੀ ਰਾਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਦੀ ਅਗਲੇਰੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।