- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ-ਵੱਖ ਜਥੇਬੰਦੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ’ਚ ਕੀਤਾ ਰੋਸ ਮੁਜਾਹਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅਮਰੀਕਨ ਸਾਮਰਾਜ ਦੁਆਰਾ ਤੇੇਲ ਤੇ ਹੋੋਰ ਕੁੁਦਰਤੀ ਸਰੋਤਾਂ ਦੀ ਲੁੱਟ ਕਰਨ ਲਈ ਵੈਨੇਜ਼ੁਏਲਾ ਉੱਪਰ ਹਮਲਾ ਕਰਕੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਪਤਨੀ ਸਿਲੀਆ ਫਲੋਰਸ ਨੂੰ ਅਗਵਾ ਕੀਤੇ ਜਾਣ ਖਿਲਾਫ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਵਿੱਚ ਰੋਸ ਮੁਜਾਹਰਾ ਕੀਤਾ ਗਿਆ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਪਤਨੀ ਸਿਲੀਆ ਫਲੋਰਸ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ, ਡੈਮੋਕ੍ਰੇਟਿਕ ਟੀਚਰਜ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ, ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਘ ਢਿੱਲਵਾਂ ਨੇ ਕਿਹਾ ਵੈਨਜੁਏਲਾ ਮੁਲਕ ਤੇਲ ਸਮੇਤ ਹੋਰ ਕੁਦਰਤੀ ਖਣਿਜਾਂ ਨਾਲ ਭਰਪੂਰ ਦੇਸ਼ ਹੈ। ਜਿਸ ਉੱਪਰ ਕਬਜ਼ੇ ਲਈ ਅਮਰੀਕੀ ਕਾਰਪੋਰੇਟ ਕੰਪਨੀਆਂ ਲੰਮੇ ਸਮੇਂ ਤੋਂ ਨਜ਼ਰ ਰੱਖ ਰਹੀਆਂ ਸਨ। ਪਹਿਲਾਂ ਵੈਨਜ਼ੂਏਲਾ ਦੇ ਸਵਰਗਵਾਸੀ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਤੇ ਹੁਣ ਨਿਕੋਲਸ ਮਾਦੁਰੋ ਦੀ ਅਗਵਾਈ ’ਚ ਵੈਨਜ਼ੂਏਲਾ ਦੀ ਹਕੂਮਤ ਨੇ ਇਹ ਸਭ ਸੰਭਵ ਨਹੀਂ ਹੋਣ ਦਿੱਤਾ।
ਤਾਜ਼ਾ ਘਟਨਾ ਕਰਮ ਅਨੁਸਾਰ ਵੈਨਜਵੇਲਾ ਉੱਪਰ ਅਮਰੀਕਾ ਵੱਲੋਂ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਨਿਕੁਲ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਨੂੰ ਬੰਦੀ ਬਣਾ ਕੇ ਦੇਸ਼ ਵਿੱਚੋਂ ਬਾਹਰ ਲੈ ਗਏ ਹਨ। ਇਹ ਅਮਰੀਕੀ ਸਾਮਰਾਜ ਦਾ ਸਿਰੇ ਦਾ ਧੱਕੜ ਤੇ ਵੈਨੇਜ਼ੁਏਲਾ ਦੀ ਪ੍ਰਭੂ ਸੱਤਾ ਉੱਪਰ ਹਮਲਾ ਹੈ। ਅਸਲ ’ਚ ਅਮਰੀਕੀ ਸਾਮਰਾਜ ਦਾ ਇਤਿਹਾਸ ਅਜਿਹੀਆਂ ਹੀ ਗੈਰ ਜਮਹੂਰੀ ਦੇ ਧੱਕੜ ਕਾਰਵਾਈਆਂ ਨਾਲ ਭਰਿਆ ਪਿਆ ਹੈ। ਇਰਾਕ, ਲਿਬੀਆ ਵਰਗੇ ਕਿੰਨੇ ਹੀ ਮੁਲਕਾਂ ’ਚ ਰਾਜ ਪਲਟੇ ਕਰਵਾ ਕੇ ਉਥੋਂ ਦੇ ਲੀਡਰਾਂ ਨੂੰ ਸ਼ਰੇਆਮ ਕਤਲ ਕੀਤਾ ਹੈ। ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਉੱਪਰ ਨਿਊਕਲੀਅਰ ਬੰਬ ਹੋਣ ਦੇ ਝੂਠੇ ਦੋਸ਼ ਲਗਾ ਕੇ ਉਸਨੂੰ ਗ੍ਰਿਫਤਾਰ ਕੀਤਾ ਤੇ ਅਮਰੀਕਾ ’ਚ ਝੂਠਾ ਮੂਠਾ ਮੁਕੱਦਮਾ ਚਲਾ ਕੇ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਦਕਿ ਅਸਲ ਮਕਸਦ ਇਰਾਕ ਦੇ ਤੇਲ ਖੂਹਾਂ ਉੱਪਰ ਕਬਜ਼ਾ ਕਰਨਾ ਸੀ। ਅਜਿਹੇ ਹੀ ਦੋਸ਼ ਨਿਕੋਲਸ ਮਾਦਰੋ ਉੱਪਰ ਡਰੱਗ ਤਸਕਰੀ ਦੇ ਟਰੰਪ ਪ੍ਰਸ਼ਾਸਨ ਲਗਾ ਰਿਹਾ ਹੈ ਸਾਰੇ ਮਾਮਲਿਆਂ ’ਚ ਦੋਸ਼ ਲਗਾਉਣ ਵਾਲਾ ਵੀ ਅਮਰੀਕੀ ਸਾਮਰਾਜ, ਗ੍ਰਿਫਤਾਰ ਕਰਨ ਤੇ ਮੁਕੱਦਮਾ ਚਲਾ ਕੇ ਸਜ਼ਾ ਦੇਣ ਵਾਲਾ ਵੀ ਅਮਰੀਕੀ ਸਾਮਰਾਜ। ਅਸਲ ’ਚ ਸਾਮਰਾਜ ਦਾ ਕਿਰਦਾਰ ਹੀ ਇਹ ਹੈ। ਪੂਰੀ ਦੁਨੀਆਂ ਅੰਦਰ ਲੋਕਤੰਤਰ ਦਾ ਠੇਕਾ ਲੈਣ ਵਾਲਾ ਅਮਰੀਕੀ ਸਾਮਰਾਜ ਸਭ ਤੋਂ ਵੱਧ ਲੋਕਤੰਤਰ ਵਿਰੋਧੀ ਕਾਰਵਾਈਆਂ ਦਾ ਵਾਹਕ ਹੈ।
ਦੂਜਾ ਸੰਸਾਰ ਸਥਿਤੀ ਲਗਾਤਾਰ ਬਦਲ ਰਹੀ ਹੈ ਦੁਨੀਆ ਬਹੁਤ ਧਰਵੀ ਹੋ ਚੁੱਕੀ ਹੈ। ਚੀਨ ਤੇ ਰੂਸੀ ਨਿਵੇਸ਼ ਲੈਟਿਨ ਅਮਰੀਕੀ ਦੇਸ਼ਾਂ ਚ ਲਗਾਤਾਰ ਵਧ ਰਿਹਾ ਹੈ। ਇਸ ਗੱਲੋਂ ਵੀ ਅਮਰੀਕੀ ਸਾਮਰਾਜ ਨੂੰ ਔਖ ਹੈ। ਵੈਨੇਜ਼ੁਏਲਾ ਅੰਦਰ ਤਖਤਾ ਪਲਟ ਕਰਕੇ ਆਪਣੀ ਕਠਪੁਤਲੀ ਸਰਕਾਰ ਬਣਾਉਣਾ ਤੇ ਤੇਲ ਦੇ ਵਿਸ਼ਾਲ ਭੰਡਾਰਾ ਤੇ ਕਬਜ਼ਾ ਕਰਨਾ ਅਮਰੀਕੀ ਸਾਮਰਾਜ ਦਾ ਅਸਲ ਮਕਸਦ ਹੈ ਜਿਸ ਨੂੰ ਇਸ ਘਟਨਾ ਰਾਹੀਂ ਅੰਜਾਮ ਦੇਣਾ ਚਾਹੁੰਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਸਾਮਰਾਜ ਆਪਣੀ ਚੌਧਰ ਖੁੱਸ ਜਾਣ ਕਾਰਨ ਬੁਖ਼ਲਾਇਆ ਹੋਇਆ ਹੈ ਅਤੇ ਫਿਰ ਤੋਂ ਦੁਨੀਆ ਦਾ ਮੁਖੀ ਬਣਨ ਲਈ ਤਰਲੋ ਮੱਛੀ ਹੋ ਰਿਹਾ ਹੈ। ਯੁੱਧ ਸਾਮਰਾਜਵਾਦ ਦਾ ਮੁੱਖ ਲੱਛਣ ਹੈ। ਇਸੇ ਸਾਮਰਾਜ ਨੂੰ ਭਗਤ ਸਿੰਘ ਹੋਰਾਂ ਨੇ ਚੁਣੌਤੀ ਦਿੱਤੀ ਅਤੇ ਹੁਣ ਸਾਡੀ ਵਾਰੀ ਹੈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਨਿਭਾਈ ਅਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਖੋਖ਼ਰ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਪ੍ਰੀਤ ਕੌਰ, ਮਮਤਾ ਆਜ਼ਾਦ, ਰਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰਗਟ ਸਿੰਘ, ਕੇਵਲ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਵਿਜੇ ਗੋਇਲ ਅਤੇ ਗੁਰਤੇਜ ਵੜਿੰਗ ਸ਼ਾਮਿਲ ਸਨ।