ਮੁਕਤਸਰ ਮਾਈਨਰ ਬੰਦੀ ਨੂੰ ਲੈ ਕੇ ਲੋਕ ਤੇ ਕਿਸਾਨ ਪ੍ਰੇਸ਼ਾਨ : ਹਨੀ ਫੱਤਣਵਾਲਾ
ਮੁਕਤਸਰ ਮਾਈਨਰ ਦੀ ਬੰਦੀ ਨੂੰ ਲੈ ਕੇ ਸ਼ਹਿਰੀ ਲੋਕ ਤੇ ਕਿਸਾਨ ਪ੍ਰੇਸ਼ਾਨ : ਹਨੀ ਫੱਤਣਵਾਲਾ
Publish Date: Thu, 19 Feb 2026 04:43 PM (IST)
Updated Date: Fri, 20 Feb 2026 04:04 AM (IST)
-ਕਿਹਾ ਮਾਰਚ ਤੇ ਅਪ੍ਰੈਲ ਮਹੀਨੇ ’ਚ ਕੀਤੀ ਜਾਵੇ ਪਾਣੀ ਦੀ ਬੰਦੀ
-ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਕਰਨਾ ਪੈ ਰਿਹਾ ਸਾਹਮਣਾ
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ :
ਜ਼ਿਲ੍ਹੇ ’ਚ ਨਹਿਰਾਂ ਅਤੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਦੁਆਲਿਓ ਲੰਘਦੇ ਮੁਕਤਸਰ ਮਾਈਨਰ ਤੇ ਕੱਸੀ ਦੀ ਅਚਾਨਕ ਬੰਦੀ ਕਾਰਨ ਸ਼ਹਿਰ ਦੇ ਲੋਕਾਂ ਤੇ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਮੀਡੀਆ ਟੀਮ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਹਨੀ ਫੱਤਣਵਾਲਾ ਨੇ ਕਿਹਾ ਕਿ ਖੇਤੀਬਾੜੀ ਸੀਜ਼ਨ ਦੇ ਦਰਮਿਆਨ ਪਾਣੀ ਦੀ ਕਮੀ ਨੇ ਫ਼ਸਲਾਂ ’ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਕਣਕ ਅਤੇ ਹੋਰ ਮੌਸਮੀ ਫ਼ਸਲਾਂ ਨੂੰ ਇਸ ਸਮੇਂ ਵਧੇਰੇ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਉਪਰੋ ਮੁਕਤਸਰ ਮਾਈਨਰ ਵਿੱਚ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਜ਼ਮੀਨ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈ ਰਿਹਾ ਹੈ, ਹਨੀ ਫੱਤਣਵਾਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਹਿਰਾਂ ਦੀ ਬੰਦੀ ਕਾਰਨ ਪੈਦਾ ਹੋਇਆ ਸੰਕਟ ਹੁਣ ਹੋਰ ਵੀ ਗੰਭੀਰ ਹੋ ਗਿਆ ਹੈ।
ਕਿਸਾਨਾਂ ਦੇ ਨਾਲ-ਨਾਲ ਆਮ ਲੋਕ ਵੀ ਪ੍ਰੇਸ਼ਾਨ ਹਨ ਤੇ ਜ਼ਮੀਨ ਹੇਠਲਾ ਪਾਣੀ ਨਾ ਹੀ ਪੀਣ ਯੋਗ ਹੈ ਤੇ ਨਾ ਹੀ ਸਿੰਚਾਈ ਦੇ ਯੋਗ ਹੈ। ਇਸ ਤੋਂ ਇਲਾਵਾ ਹਨੀ ਫੱਤਣਵਾਲਾ ਨੇ ਕਿਹਾ ਕਿ ਪਾਵਰਕਾਮ ਵੱਲੋਂ ਕਿਸਾਨਾਂ ਨੂੰ 8 ਘੰਟਿਆਂ ਦੀ ਬਜ਼ਾਏ ਸਿਰਫ਼ 3 ਘੰਟੇ ਹੀ ਬਿਜ਼ਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਤੇ ਕਿਹਾ ਕਿ ਮਾਰਚ ਤੇ ਅਪ੍ਰੈਲ ਮਹੀਨੇ ਦੌਰਾਨ ਹੀ ਰਜ਼ਬਾਹੇ, ਕੱਸੀਆਂ ਜਾਂ ਨਹਿਰਾਂ ਦੀ ਮੁਰੰਮਤ ਕਰਵਾਈ ਜਾਵੇ ਕਿਉਂਕਿ ਉਸ ਸਮੇਂ ਕਿਸਾਨਾਂ ਨੂੰ ਪਾਣੀ ਦੀ ਜਰੂਰਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਸਮੇਂ ਨਹਿਰਾਂ ਤੇ ਰਜਬਾਹੇ ਬੰਦ ਹੋਣ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਵੱਧ ਗਈ ਹੈ, ਕਿਉਂਕਿ ਵਾਟਰ ਬਾਕਸ ਦੀਆਂ ਡਿੱਗੀਆਂ ਖਾਲੀ ਪਈਆਂ ਤੇ ਕਈ ਥਾਵਾਂ ’ਤੇ ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਮੰਗਵਾਉਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਰਜ਼ਬਾਹਿਆਂ ਤੇ ਨਹਿਰਾਂ ਵਿੱਚ ਤੁਰੰਤ ਪਾਣੀ ਛੱਡਿਆ ਜਾਵੇ ਅਤੇ ਇਲਾਕੇ ਲਈ ਪੀਣ ਯੋਗ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ। ਇਸ ਮੌਕੇ ਬਲਜਿੰਦਰ ਸਿੰਘ ਕਾਲਾ ਬਰਾੜ, ਜਗਦੇਵ ਸਿੰਘ ਅਕਾਲਗੜ੍ਹ, ਇਕਬਾਲ ਸਿੰਘ ਸੰਗੂਧੌਣ, ਜਗਦੀਪ ਸਿੰਘ ਬਬਲੂ ਬਰਾੜ, ਹਰਮਨ ਸੰਧੂ, ਪ੍ਰੀਤਪਾਲ ਸਿੰਘ ਉਦੇਕਰਨ, ਸਤਨਾਮ ਸਿੰਘ ਅਤੇ ਗੁਰਦੇਵ ਸਿੰਘ ਆਦਿ ਮੌਜੂਦ ਸਨ।