‘ਗੁਰਬਾਣੀ ਤੇ ਸਿੱਖ ਇਤਿਹਾਸ’ ਦਾ ਲੰਗਰ ਰਿਹਾ ਖਿੱਚ ਦਾ ਕੇਂਦਰ
ਹੋਲਾ ਮਹੱਲਾ 'ਤੇ 'ਵਿਗਾਸ ਫਾਊਂਡੇਸ਼ਨ' ਵੱਲੋਂ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਵਿਲੱਖਣ ਲੰਗਰ
Publish Date: Fri, 06 Mar 2026 05:01 PM (IST)
Updated Date: Fri, 06 Mar 2026 05:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਖਾਲਸਈ ਜਾਹੋ-ਜਲਾਲ ਦੇ ਪ੍ਰਤੀਕ ‘ਹੋਲਾ ਮਹੱਲਾ’ ਮੌਕੇ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਖਾਣ-ਪੀਣ ਦੇ ਲੰਗਰ ਲਗਾਏ ਗਏ, ਉੱਥੇ ਹੀ ‘ਵਿਗਾਸ ਫਾਊਂਡੇਸ਼ਨ’ ਸ੍ਰੀ ਮੁਕਤਸਰ ਸਾਹਿਬ ਵੱਲੋਂ ਲਗਾਇਆ ਗਿਆ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਲੰਗਰ ਖਿੱਚ ਦਾ ਕੇਂਦਰ ਰਿਹਾ। ਲੰਗਰ ਦੀ ਖਾਸੀਅਤ ਇਹ ਸੀ ਕਿ ਇੱਥੇ ਸੰਗਤਾਂ ਦੇ ਸਿੱਖ ਇਤਿਹਾਸ ਨਾਲ ਸਬੰਧਤ ਲਿਖਤੀ ਪੇਪਰ (ਕੁਇਜ਼) ਲਏ ਗਏ। ਪੇਪਰ ਦੇਣ ਵਾਲੇ ਸ਼ਰਧਾਲੂਆਂ ਅਤੇ ਬੱਚਿਆਂ ਨੂੰ ਵਿਸ਼ੇਸ਼ ਇਨਾਮਾਂ ਕਾਪੀਆਂ, ਕਲੇਅ, ਕਲਰ ਸੈੱਟ ਅਤੇ ਸਟਾਈਲਿਸ਼ ਇਰੇਜ਼ਰ ਨਾਲ ਨਿਵਾਜਿਆ ਗਿਆ। ਇਸ ਦੌਰਾਨ ਗੁਰਬਾਣੀ ਦੇ ਸਲੋਗਨਾਂ ਵਾਲੇ ਲੋਗੋ ਮੈਗਨੇਟ, ਸਿੱਖ ਇਤਿਹਾਸ ਨਾਲ ਸਬੰਧਤ ਮਹੱਤਵਪੂਰਨ ਕਿਤਾਬਾਂ ਰਾਹੀਂ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਇਹ ਸੇਵਾ 2, 3 ਅਤੇ 4 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਢਾਲ ਉੱਪਰ ਨਿਰੰਤਰ ਜਾਰੀ ਰਹੀ। ਫਾਊਂਡੇਸ਼ਨ ਦੇ ਮੈਂਬਰਾਂ ਨੇ ਹੱਥਾਂ ’ਚ ਸਿੱਖੀ ਪ੍ਰਚਾਰ ਦੇ ਸਲੋਗਨ ਲਿਖੀਆਂ ਤਖਤੀਆਂ ਫੜ ਕੇ ਸੰਗਤਾਂ ਨੂੰ ਆਪਣੇ ਮਾਣਮੱਤੇ ਇਤਿਹਾਸ ਪ੍ਰਤੀ ਜਾਗਰੂਕ ਕੀਤਾ। ਇਹ ਸਾਰਾ ਉਪਰਾਲਾ ਵਿਗਾਸ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਦੀ ਸੁਯੋਗ ਦੇਖ-ਰੇਖ ਹੇਠ ਸਫਲਤਾਪੂਰਵਕ ਨੇਪਰੇ ਚੜ੍ਹਿਆ। ਸੰਗਤਾਂ ਨੇ ਫਾਊਂਡੇਸ਼ਨ ਦੇ ਇਸ ਨਿਵੇਕਲੇ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਬੁੱਧਮਾਨ ਸਿੰਘ, ਕਮਲਪ੍ਰੀਤ ਸਿੰਘ, ਵੰਸ਼ ਸਿੰਘ, ਗੈਰੀ, ਅਜੈ ਸਿੰਘ ਅਤੇ ਗੁਰਸ਼ ਸਿੰਘ ਨੇ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ।