ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਭਲਾਈ ਦੇ ਕੰਮਾਂ ’ਚ ਪਾਵੇ ਯੋਗਦਾਨ : ਡਾ. ਬਾਂਸਲ
‘‘ਯੁੱਧ ਨਸ਼ਿਆਂ ਵਿਰੁੱਧ’’ ਮੁਹਿੰਮ ਤਹਿਤ ਗੁਰੂ ਨਾਨਕ ਕਾਲਜ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ
Publish Date: Fri, 27 Feb 2026 03:49 PM (IST)
Updated Date: Fri, 27 Feb 2026 03:52 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ‘ਯੁੱਧ ਨਸ਼ਿਆਂ ਵਿਰੁੱਧ’ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਡਾ. ਸੁਨੀਲ ਬਾਂਸਲ ਨੇ ਨਸ਼ਿਆਂ ਸਬੰਧੀ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਨਸ਼ਾ ਕਰਨਾ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਨ੍ਹਾਂ ਨਸ਼ਿਆਂ ਦੇ ਕਾਰਨ ਹੁਣ ਤੱਕ ਕਈ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਹਨ। ਇਸ ਲਈ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਨਸ਼ਿਆਂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਦੂਰ ਹੋ ਕੇ ਸਮਾਜ ਭਲਾਈ ਦੇ ਕੰਮਾਂ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸਤੋਂ ਇਲਾਵਾ ਡਾ. ਹਰਕੀਰਤਨ ਸਿੰਘ, ਕਾਊਂਸਲਰ ਨਵਨੀਤ ਕੌਰ, ਪਰਵਿੰਦਰ ਸਿੰਘ ਆਦਿ ਨੇ ਵੀ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਇਸ ਨਸ਼ੇ ਦੀ ਗ੍ਰਿਫਤ ਵਿਚ ਆ ਚੁੱਕੇ ਹਨ, ਉਨ੍ਹਾਂ ਦਾ ਨਸ਼ਾ ਛੁਡਾਉਣ ਦੇ ਲਈ ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹਨ। ਜਿੱਥੇ ਜਾ ਕੇ ਇਹ ਨੌਜਵਾਨ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ ਅਤੇ ਇਕ ਨਵੀਂ ਜ਼ਿੰਦਗੀ ਨੂੰ ਬਤੀਤ ਕਰ ਸਕਦੇ ਹਨ। ਅਖੀਰ ’ਚ ਉਨ੍ਹਾਂ ਨੇ ਤੰਬਾਕੂ ਸਿਗਰਟ ਅਤੇ ਹੋਰ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪ੍ਰਣ ਕੀਤਾ ਗਿਆ ਕਿ ਉਹ ਆਪਣੇ ਆਸ-ਪਾਸ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਹ ਜਾਣਕਾਰੀ ਸਾਂਝੀ ਕਰਨਗੇ ਤਾਂ ਜੋ ਕੋਈ ਵੀ ਨੌਜਵਾਨ ਅਜਿਹੀ ਭਿਆਨਕ ਬਿਮਾਰੀ ’ਚ ਨਾ ਫਸ ਸਕੇ। ਪ੍ਰਿੰਸੀਪਲ ਡਾ. ਸਰਬਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਸਨਮਾਨਿਤ ਕਰਕੇ ਧੰਨਵਾਦ ਕੀਤਾ। ਇਸ ਮੌਕੇ ਡਾ. ਹਰਕੀਰਤਨ ਸਿੰਘ ਐਪੀਡਿਮਾਲੋਜਿਸਟ, ਵਿਨੋਦ ਕੁਮਾਰ ਏਐਮਓ, ਗੁਰਪ੍ਰੀਤ ਸਿੰਘ ਪੀਏ, ਭਗਵਾਨ ਦਾਸ, ਲਾਲਚੰਦ ਹੈਲਥ ਇੰਸਪੈਕਟਰ ਅਤੇ ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਕੌਰ, ਡਾ. ਸ਼ਵੇਤਾ ਨੋਡਲ ਅਫਸਰ ਰੈੱਡ ਰਿਬਨ ਕਲੱਬ, ਕਾਲਜ ਦੇ ਸਟਾਫ ਦੇ ਨਾਲ ਨਾਲ ਵਿਦਿਆਰਥੀ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।