ਖੇਤੀ ਵਿਭਿੰਨਤਾ ਤਹਿਤ ਕਿਸਾਨਾਂ ਨੂੰ ਨਰਮੇ ਦੀ ਖੇਤੀ ਕਰਨ ਲਈ ਪ੍ਰੇਰਿਆ
ਖੇਤੀ ਵਿਭਿੰਨਤਾ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਨਰਮੇਂ ਦੀ ਖੇਤੀ ਕਰਨ ਦੀ ਕੀਤੀ ਅਪੀਲ
Publish Date: Thu, 23 Apr 2026 04:57 PM (IST)
Updated Date: Fri, 24 Apr 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਪਾਣੀ ਦੇ ਡਿੱਗ ਰਹੇ ਮਿਆਰ ਨੂੰ ਦੇਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਨਕਦੀ ਫਸਲਾਂ ਹੇਠ ਰਕਬਾ ਵਧਾਉਣ ਲਈ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਦੀ ਰਹਿਨੁਮਾਈ ਹੇਠ ਸਹਾਇਕ ਪੌਦਾ ਸੁਰੱਖਿਆ ਅਫਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਖੇਤੀ ਵਿਭਿੰਨਤਾ ਤਹਿਤ ਨਰਮਾ ਅਤੇ ਕਪਾਹ ਇੱਕ ਅਹਿਮ ਨਕਦੀ ਫ਼ਸਲ ਹੈ ਅਤੇ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਸਰਕਲ ਬਧਾਈ ਦੇ ਪਿੰਡ ਬੱਲਮਗੜ੍ਹ ’ਚ ਕਿਸਾਨ ਨਿਰਮਲ ਸਿੰਘ ਪੁੱਤਰ ਅੰਗਰੇਜ਼ ਸਿੰਘ ਵੱਲੋਂ 4 ਏਕੜ ਨਰਮੇ ਦੀ ਬਿਜਾਈ ਡਾ. ਹਰਮਨਦੀਪ ਸਿੰਘ ਏਡੀਓ ਅਤੇ ਸਵਰਨਜੀਤ ਸਿੰਘ ਅਸਿਸਟੈਂਟ ਟੈਕਨੋਲੋਜੀ ਮੈਨੇਜਰ (ਆਤਮਾ) ਦੀ ਮੌਜੂਦਗੀ ’ਚ ਕੀਤੀ ਗਈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਨਹਿਰੀ ਪਾਣੀ ਦੀ ਸਮੱਸਿਆ ਹੈ ਤਾਂ ਕਿਸਾਨ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਜ਼ਿਲ੍ਹਾ, ਬਲਾਕ ਅਤੇ ਸਰਕਲ ਪੱਧਰ ਤੇ ਕਾਟਨ ਸਰਵੇਲੈਂਸ ਟੀਮਾਂ ਬਣਾਈਆਂ ਗਈਆਂ ਹਨ, ਜੋ ਹਫਤੇ ਵਿਚ 2 ਦਿਨ ਨਰਮੇ ਦੇ ਖੇਤਾਂ ਦਾ ਸਰਵੇਖਣ ਕਰਨਗੀਆਂ ਅਤੇ ਨਰਮੇ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਨਰਮੇ ਵਾਲੇ ਪਿੰਡਾਂ ’ਚ ਨੋਡਲ ਅਫਸਰ ਲਗਾਏ ਗਏ ਹਨ, ਕਿਸਾਨ ਨਰਮੇ ਸੰਬੰਧੀ ਕਿਸੇ ਵੀ ਮੁਸ਼ਕਿਲ ਲਈ ਬੇਝਿਜਕ ਰਾਬਤਾ ਕਰ ਸਕਦੇ ਹਨ। ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਬਿਜਾਈ ਵਾਲੇ ਕਿਸਾਨਾਂ ਨੂੰ ਬੀਜ ਤੇ 33 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਇਸ ਦਾ ਲਾਭ ਲੈਣ ਲਈ ਕਿਸਾਨ agrimachinerypb.com ਪੋਰਟਲ ਤੇ ਅਪਲਾਈ ਕਰ ਸਕਦੇ ਹਨ।