ਦੋ ਦਰਜਨ ਜਥੇਬੰਦੀਆਂ ਵੱਲੋਂ ਡੀਸੀ ਦਫਤਰ ਅੱਗੇ ਮੁਜ਼ਾਹਰਾ
ਦੋ ਦਰਜਨ ਜਥੇਬੰਦੀਆਂ ਵੱਲੋਂ ਡੀਸੀ ਦਫਤਰ ਮੂਹਰੇ ਮੁਜ਼ਾਹਰਾ
Publish Date: Fri, 16 Jan 2026 05:40 PM (IST)
Updated Date: Fri, 16 Jan 2026 05:42 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਡੀਸੀ ਦਫਤਰ ਮੂਹਰੇ ਅੱਜ ਦੋ ਦਰਜਨ ਤੋਂ ਵੱਧ ਕਿਸਾਨ, ਮਜ਼ਦੂਰ, ਮੁਲਾਜ਼ਮ, ਔਰਤ, ਵਿਦਿਆਰਥੀ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਹਜ਼ਾਰਾਂ ਕਾਰਕੁੰਨਾਂ ਵੱਲੋਂ ਮੋਜ਼ਾਹਰਾ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਧਰਨੇ ਪੂਰੇ ਮੁਲਕ ਅੰਦਰ ਕੀਤੇ ਜਾ ਰਹੇ ਹਨ। ਮੁੱਖ ਮੁੱਦੇ ਨਰੇਗਾ ਐਕਟ ਦੀ ਥਾਂ ਕੇਂਦਰ ਸਰਕਾਰ ਵੱਲੋਂ ਬਣਾਇਆ ‘ਜੀ ਰਾਮ ਜੀ’ ਐਕਟ ਰੱਦ ਕਰਾਕੇ ਨਰੇਗਾ ਦੀ ਬਹਾਲੀ, ਲੇਬਰ ਕਾਨੂੰਨਾਂ ’ਚ ਤਬਦੀਲੀ ਕਰਕੇ ਬਣਾਏ ਚਾਰ ਕੋਡ ਰੱਦ ਕਰਾਉਣਾ, ਬਿਜਲੀ ਵਿਭਾਗ ਦਾ ਨਿੱਜੀਕਰਨ ਕਰਨ ਵਾਲਾ ਅਤੇ ਲੋਕਾਂ ਉਪਰ ਭਾਰੀ ਬੋਝ ਪਾਉਣ ਵਾਲਾ ਬਿਜਲੀ ਸੋਧ ਬਿੱਲ 2025 ਰੱਦ ਕਰਾਉਣਾ ਅਤੇ ਬੀਜ ਬਿੱਲ 2025 ਲਿਆ ਕੇ ਬੀਜਾਂ ਨੂੰ ਮੁਕੰਮਲ ਤੌਰ ’ਤੇ ਨਿੱਜੀ ਹੱਥਾਂ ’ਚ ਦੇਣ ਅਤੇ ਕਿਸਾਨੀ ਦਾ ਉਜਾੜਾ ਕਰਨ ਵਾਲਾ ਬਿੱਲ ਰੱਦ ਕਰਾਉਣਾ ਸ਼ਾਮਲਾ ਹੈ। ਇਸ ਮੌਕੇ ਸਮੂਹ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿੱਜੀਕਰਨ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ੁਰੂਆਤ ਹੈ, ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਇਹ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਹੋਰ ਕਰੜਾ ਕੀਤਾ ਜਾਵੇਗਾ।