- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਕਾਰ ਵਿਕਾਸ ਭਾਰਦਵਾਜ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੱਤਰਕਾਰ ਵਿਕਾਸ ਭਾਰਦਵਾਜ ਲੰਬਾ ਸਮਾਂ ਕੈਂਸਰ ਦੀ ਬਿਮਾਰੀ ਨਾਲ ਜਿੰਦਗੀ ਦੀ ਜੰਗ ਲੜਦਿਆਂ 11 ਫਰਵਰੀ ਨੂੰ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਸਨ। ਉਨ੍ਹਾਂ ਨਮਿੱਤ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ 22 ਫਰਵਰੀ 2026 ਦਿਨ ਐਤਵਾਰ ਨੂੰ ਬਾਬਾ ਮੋਡਾ ਜੀ ਸਮਾਧ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਧਾਰਮਿਕ, ਸਮਾਜਸੇਵੀ, ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ, ਇਲਾਕੇ ਦੇ ਪਤਵੰਤਿਆਂ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਪਹੁੰਚ ਕੇ ਪੱਤਰਕਾਰ ਵਿਕਾਸ ਭਾਰਦਵਾਜ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਨ੍ਹਾਂ ਦੇ ਪਿਤਾ ਸ੍ਰੀ ਸਹਿਦੇਵ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੱਤਰਕਾਰ ਵਿਕਾਸ ਭਾਰਦਵਾਜ ਬੜੇ ਹੀ ਮਿਲਣਸਾਰ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਤੱਕ ਦੀ ਪੜ੍ਹਾਈ ਮੰਡੀ ਬਰੀਵਾਲਾ ਵਿਖੇ ਕੀਤੀ। ਉਸ ਤੋਂ ਬਾਅਦ ਕੰਪਿਊਟਰ ’ਚ ਦਿਲਚਸਪੀ ਦੇ ਚਲਦਿਆਂ ਉਨ੍ਹਾਂ ਸਰਾਏਨਾਗਾ ਵਿਖੇ ਆਈਟੀਆਈ ’ਚ ਦਾਖਲਾ ਲੈ ਲਿਆ ਤੇ ਕੰਪਿਊਟਰ ਦਾ ਡਿਪਲੋਮਾ ਕੀਤਾ। ਕੰਪਿਊਟਰ ’ਚ ਰੁਚੀ ਹੋਣ ਕਰਕੇ ਉਨ੍ਹਾਂ ਮੰਡੀ ਬਰੀਵਾਲਾ ਵਿਖੇ ਸਥਿਤ ਆਪਣੀ ਸ਼ੌਪ ’ਤੇ ਹੀ ਕੰਪਿਊਟਰ ਐਪਲੀਕੇਸ਼ਨ, ਪ੍ਰਿੰਟ ਆਉੂਟ ਸਮੇਤ ਕੰਪਿਊਟਰ ਦੇ ਹੋਰ ਕੰਮ ਕਰਦਿਆਂ ਸਵੈ ਰੁਜ਼ਗਾਰ ਅਪਣਾ ਲਿਆ ਤੇ ਨਾਲ ਹੀ ਉਹ ਅਦਾਰਾ ‘ਦੈਨਿਕ ਜਾਗਰਣ’ ’ਚ ਪੱਤਰਕਾਰ ਵਜੋਂ ਸੇਵਾਵਾਂ ਵੀ ਨਿਭਾਉਣ ਲੱਗੇ। ਕਰੀਬ ਦੋ ਕੁ ਸਾਲ ਉਨ੍ਹਾਂ ਦੈਨਿਕ ਜਾਗਰਣ ’ਚ ਸੇਵਾਵਾਂ ਦਿੱਤੀਆਂ ਤੇ ਉਸ ਤੋਂ ਬਾਅਦ ਜਦ ਜਾਗਰਣ ਗਰੁੱਪ ਵੱਲੋਂ ਆਦਾਰਾ ‘ਪੰਜਾਬੀ ਜਾਗਰਣ ਦੀ ਸ਼ੁਰੂਆਤ ਕੀਤੀ ਤਾਂ ਉਹ ਪੰਜਾਬੀ ਜਾਗਰਣ ਦੇ ਸ਼ੁਰੂਆਤ ਤੋਂ ਹੀ ਪੱਤਰਕਾਰੀ ਵਜੋਂ ਅਦਾਰਾ ‘ਪੰਜਾਬੀ ਜਾਗਰਣ’ ’ਚ ਸੇਵਾਵਾਂ ਨਿਭਾਉਣ ਲੱਗੇ। ਸੰਨ 2006 ਤੋਂ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਜਿਸਦਾ ਇਲਾਜ ਤਕਰੀਬਨ 15 ਸਾਲ ਤੱਕ ਜੈਪੁਰ ਵਿਖੇ ਚਲਦਾ ਰਿਹਾ। ਵਿਕਾਸ ਭਾਰਦਵਾਜ ਦਾ ਲੰਬਾ ਸਮਾਂ ਇਲਾਜ ਚਲਦਾ ਰਿਹਾ ਪਰ ਆਖਿਰ 11 ਫਰਵਰੀ 2026 ਨੂੰ ਉਹ ਇਸ ਨਾਮੁਰਾਦ ਬਿਮਾਰੀ ਨਾਲ ਜੰਗ ਲੜਦਿਆਂ ਹਾਰ ਗਏ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਲੰਬਾ ਸਮਾਂ ਅਦਾਰਾ ਪੰਜਾਬੀ ਜਾਗਰਣ ’ਚ ਨਿਰਪੱਖ ਤੇ ਇਮਾਨਦਾਰ ਪੱਤਰਕਾਰ ਵਜੋਂ ਸੇਵਾਵਾਂ ਨਿਭਾਈਆਂ। ਬੁਲਾਰਿਆ ਨੇ ਕਿਹਾ ਕਿ ਉਨ੍ਹਾਂ ਦੇ ਭਰ ਜਵਾਨੀ ’ਚ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਅਸਹਿ ਦੁੱਖ ਹੈ ਉੱਥੇ ਹੀ ਪੱਤਰਕਾਰ ਭਾਈਚਾਰੇ ਨੂੰ ਚੰਗਾ ਸਾਥੀ ਵਿੱਛੜ ਜਾਣ ਦਾ ਭਾਰੀ ਦੁੱਖ ਹੈ। ਇਸ ਮੌਕੇ ਮਾਸਟਰ ਅੰਗਰੇਜ਼ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਸਵ. ਵਿਕਾਸ ਭਾਰਦਵਾਜ ਨਮਿੱਤ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ, ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ, ਜਗਸੀਰ ਕੁਮਾਰ ਚਰਨਾ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ, ਭਾਜਪਾ ਆਗੂ ਗੁਰਚਰਨ ਸਿੰਘ ਸੰਧੂ, ਨਗਰ ਪੰਚਾਇਤ ਬਰੀਵਾਲਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਭਾਜਪਾ ਆਗੂ ਪ੍ਰਿਤਪਾਲ ਸ਼ਰਮਾ, ਸੁਖਬੀਰ ਸਿੰਘ ਸੁੱਖ ਮਰਾੜ, ਰਾਜ ਬਲਵਿੰਦਰ ਸਿੰਘ ਮਰਾੜ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਚੜੇਵਾਨ, ਕਰਿਆਨਾ ਐਸੋਸੀਏਸ਼ਨ ਬਰੀਵਾਲਾ, ਸ਼ਿਵ ਕਾਂਵੜ ਸੰਘ ਬਰੀਵਾਲਾ, ਰਾਈਸ ਮਿਲਰਜ਼ ਐਸੋਸੀਏਸ਼ਨ, ਜ਼ਿਲ੍ਹਾ ਕੱਚਾ ਆੜ੍ਹਤੀਆ ਐਸੋਸੀਏਸ਼ਨ, ਕੱਚਾ ਆੜ੍ਹਤੀਆ ਐਸੋਸੀਏਸਨ ਬਰੀਵਾਲਾ, ਜੈ ਮਾਂ ਚਿੰਤਪੁਰਨੀ ਸੇਵਾ ਦਲ, ਸ੍ਰੀ ਕ੍ਰਿਸ਼ਨ ਗੋਪਾਲਾ ਗਊਸ਼ਾਲਾ ਬਰੀਵਾਲਾ, ਸ੍ਰੀ ਦੁਰਗਾ ਮੰਦਿਰ ਪ੍ਰਬੰਧਕ ਕਮੇਟੀ ਬਰੀਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੀਵਾਲਾ, ਭਾਰਤੀ ਜਨਤਾ ਪਾਰੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਨੇ ਸ਼ੋਕ ਮਤੇ ਭੇਜ ਕੇ ਪੱਤਰਕਾਰ ਵਿਕਾਸ ਭਾਰਦਵਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ।