ਟ੍ਰੈਫਿਕ ਪੁਲਿਸ ਤੇ ਨਗਰ ਕੌਂਸਲ ਵੱਲੋਂ ਸਾਂਝੀ ਕਾਰਵਾਈ, ਨਜਾਇਜ਼ ਕਬਜ਼ੇ ਹਟਾਏ
ਟਰੈਫਿਕ ਪੁਲਿਸ ਤੇ ਨਗਰ ਕੌਂਸਲ ਵੱਲੋਂ ਸਾਂਝੀ ਕਾਰਵਾਈ ਨਜਾਇਜ਼ ਕਬਜ਼ੇ ਹਟਾਏ
Publish Date: Sat, 07 Mar 2026 06:24 PM (IST)
Updated Date: Sat, 07 Mar 2026 06:27 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਸ਼ਹਿਰ ’ਚ ਟਰੈਫਿਕ ਪ੍ਰਬੰਧਾਂ ਨੂੰ ਸੁਚੱਜਾ ਬਣਾਉਣ ਤੇ ਸੜਕਾਂ ‘ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਲਈ ਟ੍ਰੈਫਿਕ ਪੁਲਿਸ ਤੇ ਨਗਰ ਕੌਂਸਲ ਦੀ ਟੀਮ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ। ਇਸ ਦੌਰਾਨ ਹੁਸਨਰ ਰੋਡ (ਸਿਨੇਮਾ ਰੋਡ) ਤੇ ਭਾਰੂ ਰੋਡ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਨਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। ਇਸ ਸਬੰਧੀ ਨਗਰ ਕੌਂਸਲ ਦੇ ਸੈਨਟਰੀ ਸੁਪਰਵਾਈਜਰ ਕਰਨ ਕੁਮਾਰ ਤੇ ਟਰੈਫਿਕ ਪੁਲਿਸ ਇੰਚਾਰਜ ਹਰਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਸਮਾਨ ਰੱਖ ਕੇ ਸੜਕ ਦਾ ਹਿੱਸਾ ਘੇਰ ਲਿਆ ਗਿਆ ਹੈ, ਜਿਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਅੱਜ ਟਰੈਫਿਕ ਪੁਲਿਸ ਤੇ ਨਗਰ ਕੌਂਸਲ ਦੀ ਟੀਮ ਨੇ ਸ਼ਹਿਰ ਦੀਆਂ ਉਕਤ ਦੋਵੇਂ ਸੜਕਾਂ ’ਤੇ ਪਿਆ ਸਮਾਨ ਹਟਵਾਇਆ ਤੇ ਦੁਕਾਨਦਾਰਾਂ ਨੂੰ ਭਵਿੱਖ ’ਚ ਸੜਕਾਂ ’ਤੇ ਕਬਜ਼ਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਟਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਤੇ ਸੜਕਾਂ ਜਾਂ ਫੁੱਟਪਾਥਾਂ ’ਤੇ ਕਬਜ਼ਾ ਨਾ ਕਰਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਟਰੈਫਿਕ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਨਗਰ ਕੌਂਸਲ ਦੇ ਅਮਿਤ ਕੁਮਾਰ ਤੇ ਦੀਪਕ ਕੁਮਾਰ ਆਦਿ ਵੀ ਮੌਜੂਦ ਸਨ।