ਮਾਂ ਬੋਲੀ ਦੀ ਗੋਦ ਸੁਹਜ, ਸਿਆਣਪ ਤੇ ਸਾਂਝ ਦੀ ਜਣਨੀ : ਲੱਖੇਵਾਲੀ
-ਅੱਜ ਮਾਤ ਭਾਸ਼ਾ ਦਿਵਸ ਤੇ ਵਿਸ਼ੇਸ਼-
Publish Date: Sat, 21 Feb 2026 04:35 PM (IST)
Updated Date: Sat, 21 Feb 2026 04:36 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਲੇਖ਼ਕ/ਚਿੰਤਕ ਰਾਮ ਸਵਰਨ ਲੱਖੇਵਾਲੀ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਮਾਂ ਬੋਲੀ ਸਾਡੀ ਪਹਿਚਾਣ ਹੈ। ਸਾਡੇ ਸੁਪਨਿਆਂ ਨੂੰ ਪ੍ਰਵਾਜ਼ ਦਿੰਦੀ ਹੈ। ਜ਼ਜ਼ਬਿਆਂ ਦੇ ਬੋਲ ਬਣਦੀ ਹੈ। ਵਿਰਸੇ ਨਾਲ ਜੋੜ ਕੇ ਸੰਪੂਰਨ ਮਨੁੱਖ ਬਣਾਉਂਦੀ ਹੈ। ਮਾਤ ਭਾਸ਼ਾ ਦਿਵਸ ਮਾਂ ਬੋਲੀ ਦੇ ਪ੍ਰਚਾਰ ਪਾਸਾਰ ਨੂੰ ਪ੍ਰਣਾਈਆਂ ਸ਼ਖਸ਼ੀਅਤਾਂ ਦੇ ਭਾਵਪੂਰਤ, ਮਨ ਟੁੰਬਦੇ ਖਿਆਲ ਪਾਠਕਾਂ ਨਾਲ਼ ਸਾਂਝੇ ਕਰ ਰਹੇ ਹਾਂ। ਲੱਖੇਵਾਲੀ ਨੇ ਕਿਹਾ ਕਿ ਮਾਂ ਬੋਲੀ ਜ਼ਿੰਦਗੀ ਦੀ ਮਿੱਠੀ ਦਾਤ ਹੈ। ਜਿਹੜੀ ਮਾਂ ਦੀ ਗੋਦ ਦਾ ਨਿੱਘ ਹੁੰਦੀ ਹੈ। ਇਹ ਲੋਰੀ ਦੀ ਆਵਾਜ਼ ਹੁੰਦੀ ਹੈ। ਮਨੁੱਖ ਦੇ ਸੁਪਨਿਆਂ ਦੇ ਬੋਲ ਬਣਦੀ ਹੈ। ਇਸਦੇ ਮਿੱਠੇ ਬੋਲ ਸਾਂਝ ਦਾ ਪ੍ਰਤੀਕ ਹੁੰਦੇ ਹਨ। ਮਾਂ ਬੋਲੀ ਰਿਸ਼ਤਿਆਂ ਦਾ ਮਾਣ ਹੁੰਦੀ ਹੈ। ਜ਼ਿੰਦਗੀ ਦਾ ਸੁਹਜ ਤੇ ਗਿਆਨ ਦਾ ਸਾਗਰ ਹੁੰਦੀ ਹੈ। ਮਾਂ ਬੋਲੀ ਜੀਵਨ ਦੇ ਹਰ ਪੜਾਅ ਤੇ ਮਾਣ ਦਿਵਾਉਂਦੀ ਹੈ। ਮਾਂ ਤੋਂ ਮੁਖ ਮੋੜਨ ਵਾਲੇ ਜਿਹੜਾ ਮਰਜ਼ੀ ਅਹੁਦਾ ਹਾਸਲ ਕਰ ਲੈਣ ਪਰ ਮਾਂ ਬੋਲੀ ਦੇ ਪਿਆਰੇ, ਅਮੁੱਲੇ ਬੋਲਾਂ ਦੀ ਸੰਗਤ ਤੋਂ ਵਿਰਵੇ ਰਹਿੰਦੇ ਹਨ ਜਿਹੜਾ ਸਤਿਕਾਰ ਤੇ ਸਨਮਾਨ ਮਾਂ ਬੋਲੀ ਨਾਲ ਵਫਾ ਨਿਭਾ ਕੇ ਮਿਲਦਾ ਹੈ ਉਹ ਉੱਚੇ ਅਹੁਦਿਆਂ ਦੇ ਰਸਮੀਂ ਸਨਮਾਨਾਂ ਤੋਂ ਉੱਪਰ ਹੁੰਦਾ ਹੈ। ਮਾਂ ਬੋਲੀ ਨੂੰ ਵਿਸਾਰਨ ਵਾਲੇ ਲੋਕ ਆਪਣੇ ਆਪ, ਵਿਰਸੇ ਤੇ ਸੱਭਿਆਚਾਰ ਨਾਲ਼ੋਂ ਟੁੱਟ ਜਾਂਦੇ ਹਨ। ਮਾਂ ਬੋਲੀ ਦੀ ਗੋਦ ਸੁਹਜ, ਸਿਆਣਪ ਤੇ ਸਾਂਝ, ਸਨੇਹ ਦੀ ਜਣਨੀ ਹੈ। ਮਾਂ ਬੋਲੀ ਜੀਵਨ ਦਾ ਸ਼ੋਖ ਰੰਗ ਹੈ, ਜਿਸ ਵਿੱਚ ਫ਼ੁੱਲਾਂ ਜਿਹੀ ਮਹਿਕ ਹੁੰਦੀ ਹੈ। ਮਾਂ ਬੋਲੀ ਤੋਂ ਬੇਮੁਖ ਹੋਣਾ ਜ਼ਿੰਦਗ਼ੀ ਤੋਂ ਬੇਮੁਖ ਹੋਣਾ ਹੁੰਦਾ ਹੈ। ਮਾਂ ਬੋਲੀ ਨੂੰ ਪਿਆਰ ਕਰਨ ਤੇ ਇਸਨੂੰ ਸਿਰ ਅੱਖਾਂ ਤੇ ਬਿਠਾਉਣ ਵਾਲੇ ਸੱਚੇ ਸੁੱਚੇ ਕਿਰਦਾਰ ਦੇ ਮਾਲਕ ਬਣਦੇ ਹਨ।ਜਿਹੜੇ ਮਾਂ ਬੋਲੀ ਦੇ ਸ਼ਾਇਰ, ਲੇਖ਼ਕ ਤੇ ਚਿੰਤਕ ਬਣਨ ਦਾ ਮਾਣ ਹਾਸਲ ਕਰਦੇ ਹਨ। ਮਾਂ ਬੋਲੀ ਦੇ ਸੱਚੇ ਸਪੂਤ ਬਣੀਏ ਮਾਸਟਰ ਪਰਮਿੰਦਰ ਖੋਖਰ ਨੇ ਕਿਹਾ ਕਿ ਮਾਂ ਬੋਲੀ ਦਾ ਨਿੱਘ ਮਨੁੱਖ ਜਨਮ ਤੋਂ ਹੀ ਮਹਿਸੂਸ ਕਰਦਾ ਹੈ। ਕਿਉਂਕਿ ਜਨਮ ਸਮੇਂ ਬੱਚੇ ਨੂੰ ਪਹਿਲੀ ਮਿੱਠੀ ਲੋਰੀ ਉਸ ਨੂੰ ਆਪਣੇ ਮਾਂ ਬੋਲੀ ਵਿੱਚ ਹੀ ਮਿਲਦੀ ਹੈ। ਇਸ ਲਈ ਮਨੁੱਖ ਦੇ ਵਿਕਾਸ ਤੇ ਪ੍ਰਸਾਰ ਵਿੱਚ ਮਾਂ ਬੋਲੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜੋ ਕੌਮਾਂ ਜਾਂ ਲੋਕ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੇ ਹਨ। ਉਹ ਹੌਲੀ ਹੌਲੀ ਖ਼ਤਮ ਹੋ ਜਾਂਦੇ ਹਨ। ਮਾਂ ਬੋਲੀ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਨਹੀਂ ਸਾਡਾ ਫਰਜ਼ ਵੀ ਹੈ। ਰਾਸੂਲ ਹਮਜ਼ਾਤੋਵ ਆਪਣੀ ਪ੍ਰਸਿੱਧ ਪੁਸਤਕ ਮੇਰਾ ਦਾਗਿਸਤਾਨ ਵਿੱਚ ਲਿਖਦਾ ਹੈ ਕਿ ਜੇਕਰ ਕਿਸੇ ਨੂੰ ਬਦ ਦੁਆ ਦੇਣੀ ਹੋਵੇ ਤਾਂ ਉਸ ਨੂੰ ਕਿਹਾ ਦਿਉ, ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਇਸਤੋਂ ਵੱਡੀ ਕੋਈ ਬਦ ਦੁਆ ਨਹੀਂ ਹੋ ਸਕਦੀ। ਇਸ ਤਰ੍ਹਾਂ ਮਾਂ ਬੋਲੀ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਅਜੋਕਾ ਸਮੇਂ ਵਿੱਚ ਅਸੀਂ ਮਾਂ ਬੋਲੀ ਪੰਜਾਬੀ ਨੂੰ ਵਿਸਾਰ ਰਹੇ ਹਾਂ।ਅਸੀਂ ਇਹ ਭੁੱਲ ਗਏ ਹਾਂ ਕਿ ਮਾਂ ਬੋਲੀ ਦੇ ਸ਼ਬਦਾਂ ਨੇ ਸਾਨੂੰ ਬੋਲ ਦਿੱਤੇ ਹਨ। ਸਾਡੇ ਸੁਪਨਿਆਂ ਨੂੰ ਪ੍ਰਵਾਜ਼ ਦਿੱਤੀ ਹੈ। ਮਾਂ ਬੋਲੀ ਦਾ ਕਰਜ਼ ਉਤਾਰਨ ਲਈ ਸਾਨੂੰ ਮਾਂ ਬੋਲੀ ਦੇ ਸੱਚੇ ਸਪੂਤ ਬਣਨਾ ਚਾਹੀਦਾ ਹੈ। ਇਸ ਦਾ ਪ੍ਰਚਾਰ ਪਾਸਾਰ ਕਰਨਾ ਸਾਡਾ ਪਹਿਲਾ ਫ਼ਰਜ਼ ਬਣਦਾ ਹੈ। ਮਾਂ ਬੋਲੀ ਦਾ ਕਰਜ਼ ਉਤਾਰੀਏ ਬੂਟਾ ਸਿੰਘ ਵਾਕਫ਼ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਮਨੁੱਖ ਜਿੰਨ੍ਹਾਂ ਆਪਣੀ ਮਾਂ ਦੇ ਨੇੜੇ ਹੁੰਦਾ ਹੈ।ਉਤਨਾ ਹੀ ਮਾਂ ਬੋਲੀ ਦਾ ਪਿਆਰਾ ਹੁੰਦਾ ਹੈ।ਮਾਂ ਬੋਲੀ ਮਨੁੱਖ ਨੂੰ ਸ਼ਬਦਾਂ ਦੀ ਦੌਲਤ ਨਾਲ ਮਾਲਾ ਮਾਲ ਕਰਦੀ ਹੈ। ਜਿਹੜੇ ਉਸਦੀ ਸਖ਼ਸ਼ੀਅਤ ਤੇ ਜੀਵਨ ਨੂੰ ਸੁਹਜ , ਸਿਆਣਪ ਤੇ ਸਫਲਤਾ ਦਾ ਸਬਕ ਦਿੰਦੇ ਹਨ। ਮਾਂ ਬੋਲੀ ਦੀਆਂ ਦਾਤਾਂ ਜ਼ਿੰਦਗੀ ਦਾ ਮਾਣ ਬਣਦੀਆਂ ਹਨ। ਆਪਣੀ ਮਾਂ-ਬੋਲੀ ਤੋਂ ਬਣਾਈ ਦੂਰੀ ਤੇ ਅਪਣਾਈ ਬੇਰੁਖੀ ਮਨ ਦੀਆਂ ਭਾਵਨਾਵਾਂ ਤੇ ਸੁਪਨਿਆਂ ਨੂੰ ਬੁਰੇ ਰੁਖ ਪ੍ਰਭਾਵਿਤ ਕਰਦੀ ਹੈ।ਜ਼ਿੰਦਗੀ ਵਿੱਚ ਮੰਜ਼ਿਲ ਤੇ ਪੁੱਜਣ ਲਈ ਮਾਂ ਬੋਲੀ ਦਾ ਅਹਿਮ ਰੋਲ ਹੁੰਦਾ ਹੈ। ਦੇਸ਼, ਦੁਨੀਆਂ ਦੇ ਬੁੱਧੀਮਾਨਾਂ ਤੇ ਸਾਹਿਤਕਾਰਾਂ ਨੇ ਮਾਂ ਬੋਲੀ ਨੂੰ ਉੱਤਮ ਦਰਜਾ ਦਿੱਤਾ ਹੈ। ਮਾਂ ਬੋਲੀ ਨਾਲੋਂ ਟੁੱਟਣ ਦਾ ਭਾਵ ਆਪਣੀ ਵਿਰਾਸਤ ਤੇ ਸ਼ਬਦ ਕਲਾ ਤੋਂ ਟੁੱਟਣਾ ਹੁੰਦਾ ਹੈ। ਮਾਂ ਬੋਲੀ ਦੇ ਮਿੱਠੇ ਬੋਲ ਸ਼ਹਿਦ ਵਾਂਗ ਜ਼ਿੰਦਗੀ ਵਿੱਚ ਰਚ ਮਿਚ ਜੀਵਨ ਸਫ਼ਰ ਵਿੱਚ ਮਿਠਾਸ ਭਰਨ ਦਾ ਕੰਮ ਕਰਦੇ ਹਨ।ਵਕਤ ਦੀ ਲੋੜ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਬੇਹਤਰੀ ਤੇ ਪ੍ਰਫੁੱਲਤਾ ਲਈ ਮਾਂ ਬੋਲੀ ਦਾ ਕਰਜ਼ ਉਤਾਰਨ ਲਈ ਇਸ ਦੇ ਮਾਣ ਸਨਮਾਨ ਲਈ ਜੀਅ ਜਾਨ ਨਾਲ ਕੰਮ ਕਰੀਏ। -ਮਾਂ ਬੋਲੀ ਜੀਵਨ ਦਾ ਮਾਣ- ਕੇ.ਸੀ. ਰੁਪਾਣਾ ਨੇ ਕਿਹਾ ਕਿ ਮਾਂ ਬੋਲੀ ਨਾਲ ਮਨੁੱਖ ਦੀ ਦਿਲੀ ਸਾਂਝ ਹੁੰਦੀ ਹੈ, ਜਿਹੜੀ ਉਮਰ ਭਰ ਨਿਭਦੀ ਹੈ। ਮਾਂ ਦੀ ਗੋਦ ਵਿੱਚੋਂ ਮਿਲੀ ਲੋਰੀ ਤੇ ਲਾਡ ਮਾਂ ਬੋਲੀ ਦੇ ਸ਼ਬਦਾਂ ਵਿੱਚ ਰੰਗਿਆ ਹੁੰਦਾ ਹੈ। ਬਦਲ ਰਹੇ ਸਮਿਆਂ ਵਿੱਚ ਬਦਲੇ ਸਮਾਜਿਕ, ਸੱਭਿਆਚਾਰਕ ਵਰਤਾਰਿਆਂ ਨੇ ਮਾਂ ਬੋਲੀ ਪੰਜਾਬੀ ਨੂੰ ਵੱਡੀ ਢਾਅ ਲਾਈ ਹੈ। ਨਵੇਂ ਰੁਝਾਨਾਂ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਮਾਂ ਬੋਲੀ ਤੋਂ ਬੇਮੁਖ ਕੀਤਾ ਹੈ। ਮਨੁੱਖ ਆਪਣੀ ਮਾਂ ਬੋਲੀ ਦਾ ਰਿਣ ਕਦੇ ਨਹੀਂ ਚੁਕਾ ਸਕਦਾ, ਜਿਹੜੀ ਉਸਦੇ ਜ਼ਜ਼ਬਿਆਂ ਤੇ ਭਾਵਾਂ ਦੀ ਆਵਾਜ਼ ਬਣਦੀ ਹੈ। ਜਿਹੜੇ ਲੋਕ ਮਾਂ ਬੋਲੀ ਨੂੰ ਵਿਸਾਰ ਕੇ ਅੱਗੇ ਵਧਣ ਲਈ ਹੋਰਨਾਂ ਬੋਲੀਆਂ ਦਾ ਸਹਾਰਾ ਲੈਂਦੇ ਹਨ ਉਹ ਭੁਲੇਖੇ ਦਾ ਸ਼ਿਕਾਰ ਹਨ। ਮਾਂ ਬੋਲੀ ਤੋਂ ਵੱਡਾ ਮਾਣ ਕੋਈ ਹੋਰ ਬੋਲੀ ਨਹੀਂ ਦਿਵਾ ਸਕਦੀ। ਮਾਂ ਬੋਲੀ ਜ਼ਿੰਦਗੀ ਤੇ ਜੀਵਨ ਦਾ ਮਾਣ ਹੈ। ਇਸਨੂੰ ਬਣਾਈ ਰੱਖਣ ਲਈ ਇਸਦੇ ਅਨੂਠੇ ਬੋਲਾਂ ਨੂੰ ਵੰਡਦੇ ਰਹਿਣਾ ਚਾਹੀਦਾ ਹੈ।