ਪੰਜਾਬ ਬੀਜ ਭੰਡਾਰ ਦੀ ਦੁਕਾਨ ਸੜ ਕੇ ਸੁਆਹ, ਕਰੋੜਾਂ ਦੇ ਨੁਕਸਾਨ ਦਾ ਖਦਸ਼ਾ
ਪੰਜਾਬ ਬੀਜ ਭੰਡਾਰ ਦੀ ਤਿੰਨ ਮੰਜਿਲਾ ਦੁਕਾਨ ਸੜ ਕੇ ਸੁਆਹ, ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸਾ
Publish Date: Tue, 14 Apr 2026 06:31 PM (IST)
Updated Date: Wed, 15 Apr 2026 04:10 AM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਅੱਜ ਸਵੇਰੇ ਗਿੱਦੜਬਾਹਾ ਦੇ ਗੁੜ ਬਾਜਾਰ ’ਚ ਸਥਿਤ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਮਸ਼ਹੂਰ ਦੁਕਾਨ ਪੰਜਾਬ ਬੀਜ ਭੰਡਾਰ ਦੀ ਤਿੰਨ ਮੰਜਿਲਾ ਦੁਕਾਨ ’ਚ ਅੱਗ ਲੱਗ ਗਈ, ਜਿਸ ਨਾਲ ਦੁਕਾਨ ਵਿਚ ਕਰੋੜਾਂ ਰੁਪਏ ਦੇ ਬੀਜ, ਫਰਟੀਲਾਈਜਰ ਅਤੇ ਕੀੜੇਮਾਰ ਦਵਾਈਆਂ ਸਮੇਤ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਗਿੱਦੜਬਾਹਾ ਦੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਨਾਲ ਨਾਲ ਮਲੋਟ ਸ਼ਹਿਰ ਤੋਂ ਵੀ 2 ਗੱਡੀਆਂ ਨੂੰ ਅੱਗ ਬੁਝਾਉਣ ਲਈ ਕਰੀਬ 4 ਘੰਟੇ ਕਰੜੀ ਮੁਸ਼ਕਤ ਕਰਨੀ ਪਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਵਾ 4 ਵਜੇ ਦੁਕਾਨ ਦੇ ਮਾਲਿਕ ਅਸ਼ੋਕ ਕੁਮਾਰ ਗਰਗ ਨੂੰ ਗੁਆਂਢ ਵਿਚੋਂ ਆਇਆ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਧੂੰਆਂ ਨਿੱਕਲ ਰਿਹਾ ਹੈ, ਜਿਸ ਤੇ ਦੁਕਾਨ ਮਾਲਿਕ ਤੁਰੰਤ ਮੌਕੇ ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਗਿੱਦੜਬਾਹਾ ਨੂੰ ਅਗਜਨੀ ਦੀ ਘਟਨਾ ਬਾਰੇ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਮੌਕੇ ’ਤੇ ਪੁੱਜੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਪਰੰਤੂ ਉਦੋਂ ਤੱਕ ਅੱਗ ਦੁਕਾਨ ਦੇ ਨਾਲ ਨਾਲ ਦੂਜੀਆਂ ਦੋਵੇਂ ਮੰਜਿਲਾਂ ’ਚ ਫੈਲ ਗਈ, ਜਿਸ ਤੇ ਤੁਰੰਤ ਮਲੋਟ ਤੋਂ ਵੀ 2 ਵੱਡੇ ਫਾਇਰ ਟੈਂਡਰ ਬੁਲਾਏ ਗਏ ਅਤੇ ਫਾਇਰ ਬ੍ਰਿਗੇਡ ਦੇ ਕਰੀਬ ਡੇਢ ਦਰਜਨ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਕਰੀਬ 4 ਘੰਟਿਆਂ ਦੀ ਸਖਤ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰੰਤੂ ਜਦੋਂ ਤੱਕ ਅੱਗ ਬੁਝੀ ਉਦੋਂ ਤੱਕ ਦੁਕਾਨ ਵਿਚ ਪਈ ਪੈਸਟੀਸਾਈਡਜ ਦਵਾਈ, ਫਰਟੀਲਾਈਜਰ ਅਤੇ ਬੀਜਾਂ ਸਮੇਤ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਿਕ ਅਸ਼ੋਕ ਕੁਮਾਰ ਗਰਗ ਦੇ ਭਤੀਜੇ ਜਿਤੇਸ਼ ਗਰਗ ਨੇ ਦੱਸਿਆ ਕਿ ਇਸ ਅਗਜਨੀ ਵਿਚ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ। ਅੱਗ ਦੇ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਵਰਣਨਯੋਗ ਹੈ ਕਿ ਜਿੱਥੇ ਫਾਇਰ ਬਿ੍ਰਗੇਡ ਗਿੱਦੜਬਾਹਾ ਅਤੇ ਮਲੋਟ ਦੇ ਕਰਮਚਾਰੀਆਂ ਨੇ ਸਖਤ ਮੇਹਨਤ ਕੀਤੀ ਉਥੇ ਹੀ ਪੀ.ਸੀ.ਆਰ. ਗਿੱਦੜਬਾਹਾ ਅਤੇ ਸ਼ਹਿਰ ਵਾਸੀਆਂ ਨੇ ਵੀ ਅੱਗ ਬੁਝਾਉਣ ਵਿਚ ਮਦਦ ਕੀਤੀ। ਦੂਜੇ ਪਾਸੇ ਬੀਤੀ 10 ਅਤੇ 11 ਮਾਰਚ ਦੀ ਰਾਤ ਗਿੱਦੜਬਾਹਾ ਦੀ ਵਧਵਾ ਸਟਰੀਟ ’ਚ ਸਥਿਤ ਪੰਜਾਬਣ ਬੂਟੀਕ ਵਿਚ ਵੀ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਸ਼ਹਿਰ ਵਿਚ ਲਗਾਤਾਰ ਹੋਈ ਵੱਡੀ ਅਗਜਨੀ ਦੀ ਘਟਨਾ ਨਾਲ ਸ਼ਹਿਰ ਵਾਸੀਆਂ ’ਚ ਦੁਖ ਦੀ ਲਹਿਰ ਹੈ।