ਚੇਤਨਾ ਦੀ ਲੋਅ ਵੰਡਦਾ ਤਿੰਨ ਰੋਜ਼ਾ ਤਰਕਸ਼ੀਲ ਨਾਟ ਮੇਲਾ ਸੰਪੰਨ
ਚੇਤਨਾ ਦੀ ਲੋਅ ਵੰਡਦਾ ਤਿੰਨ ਰੋਜ਼ਾ ਤਰਕਸ਼ੀਲ ਨਾਟ ਮੇਲਾ ਹੋਇਆ ਸੰਪੰਨ
Publish Date: Fri, 16 Jan 2026 06:04 PM (IST)
Updated Date: Fri, 16 Jan 2026 06:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ : ਸ੍ਰੀ ਮੁਕਤਸਰ ਸਾਹਿਬ : ਮਾਘੀ ਮੇਲਾ ਮੁਕਤਸਰ ਵਿਖੇ ਵਿਗਿਆਨਕ ਚੇਤਨਾ ਦਾ ਪ੍ਰਤੀਕ ਬਣਿਆ ਤਿੰਨ ਰੋਜ਼ਾ ਤਰਕਸ਼ੀਲ ਨਾਟਕ ਮੇਲਾ ਅੱਜ ਜ਼ਿੰਦਗੀ ਤੇ ਸਮਾਜ ਨੂੰ ਚੰਗਾ ਬਣਾਉਣ ਲਈ ਚੇਤਨਾ ਦੀ ਲੋਅ ਨਾਲ ਰਾਹ ਰੁਸ਼ਨਾਉਣ ਦਾ ਸੱਦੇ ਨਾਲ ਸੰਪੰਨ ਹੋ ਗਿਆ। ਨਾਟ ਮੇਲੇ ’ਚ ਅੱਜ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਨੇ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਦੇ ਦੋ ਨਾਟਕ ਇਹ ਜ਼ਮੀਨ ਸਾਡੀ ਹੈ ਤੇ ਰਾਹਤ ਨਾਟਕਾਂ ਦਾ ਸਫਲ ਮੰਚਣ ਕੀਤਾ ਜਿਸ ਵਿਚ ਸਰਕਾਰਾਂ ਦੀ ਬਦਨੀਤੀ ਦੇ ਮੁੱਦੇ ਉਭਾਰੇ ਗਏ ਸਨ। ਨਾਟਕ ਮੇਲੀਆਂ ਨੂੰ ਇਹ ਸੁਨੇਹਾ ਦੇਣ ਵਿਚ ਸਫਲ ਰਹੇ ਕਿ ਸਮਾਜ ਦੇ ਵਿਹੜੇ ਚ ਚਾਨਣ ਤਰਕਸ਼ੀਲਤਾ ਦੇ ਪ੍ਰਚਾਰ ਪਸਾਰ ਨਾਲ ਹੀ ਹੋ ਸਕਦਾ ਹੈ। ਨਾਟਕ ਵਿਚ ਪੇਸ਼ ਕੀਤੀ ਕੋਰਿਓਗ੍ਰਾਫੀ ਅੰਧ ਵਿਸ਼ਵਾਸ਼ਾਂ ਦੇ ਵਪਾਰੀਆਂ ਤੇ ਦੰਭੀ ਸਾਧ ਸਿਆਣਿਆਂ ਦੀ ਅਸਲੀਅਤ ਉਜਾਗਰ ਕਰ ਗਈ। ਮੇਲੇ ਚ ਜੁਡ਼ੇ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਪਰਵੀਨ ਜੰਡਵਾਲਾ ਨੇ ਆਖਿਆ ਕਿ ਦੇਸ਼ ਵਿਚ ਧਰਮ ਅਤੇ ਆਸਥਾ ਦੀ ਦੂਰ ਵਰਤੋਂ ਕਰਕੇ ਸਰਕਾਰਾਂ ਭਾਰਤੀ ਸੰਵਿਧਾਨ ਵੱਲੋਂ ਲਗਾਈ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ਦੀ ਜਿੰਮੇਵਾਰੀ ਨਾਲ ਖਿਲਵਾੜ ਕਰ ਰਹੀਆਂ ਹਨ। ਉਨ੍ਹਾਂ ਅਜੋਕੇ ਜੀਵਨ ਤੇ ਸਮਾਜ ਨੂੰ ਸਫ਼ਲਤਾ ਦੇ ਰਾਹ ਤੋਰਨ ਲਈ ਤਰਕਸ਼ੀਲ ਚੇਤਨਾ ਨੂੰ ਸੁਵੱਲੜਾ ਰਾਹ ਦੱਸਿਆ। ਨਾਟ ਮੇਲੇ ਵਿਚ ਲੋਕ ਸੰਗੀਤ ਮੰਡਲੀ ਜੀਦਾ ਨੇ ਜਗਸੀਰ ਜੀਦਾ ਦੀ ਅਗਵਾਈ ਵਿਚ ਸਰਕਾਰਾਂ, ਸਿਆਸਤਦਾਨਾਂ ਤੇ ਕਾਰਪੋਰੇਟ ਪੱਖੀ ਨੀਤੀ ਤੇ ਚੋਟ ਕਰਦੀਆਂ ਬੋਲੀਆਂ ਤੇ ਗੀਤਾਂ ਨਾਲ ਲੋਕਾਂ ਨੂੰ ਹਲੂਣਿਆ। ਮੰਚ ਤੋਂ ਸੁਖਦੇਵ ਮਲੂਕਪੁਰੀ ਨੇ ਜਾਦੂ ਦੇ ਭੇਦ ਸਮਝਾਉਣ ਤੇ ਸਿਖਾਉਣ ਲਈ ਜਾਦੂ ਕਲਾ ਦਾ ਰੰਗ ਵਿਖਾਇਆ। ਲੋਕਾਂ ਨੇ ਤਰਕਸ਼ੀਲਾਂ ਦੀ ਸਟਾਲ ਤੋੰ ਅਗਾਂਹਵਧੂ ਸਾਹਿਤ ਖਰੀਦਣ ਵਿਚ ਰੂਚੀ ਵਿਖਾਈ। ਮੇਲੇ ਦੀ ਸਫਲਤਾ ਲਈ ਗੁਰਮੀਤ ਭਲਵਾਨ, ਕੇ. ਸੀ. ਰੁਪਾਣਾ, ਬਲਦੇਵ ਲੱਧੂਵਾਲਾ, ਬੂਟਾ ਸਿੰਘ ਵਾਕਫ਼, ਗੁਰਦੇਵ ਵਾਦੀਆਂ, ਅੰਗਰੇਜ਼ ਖੋਖਰ, ਦੇਵ ਮਹਿਰਾਜ, ਕਾਕਾ ਸਿੰਘ ਖੁੰਡੇ ਹਲਾਲ, ਅਜਾਇਬ ਸਿੰਘ ਤੇ ਰਾਮ ਸਵਰਨ ਲੱਖੇਵਾਲੀ ਨੇ ਭਰਵਾਂ ਸਹਿਯੋਗ ਦਿੱਤਾ।