ਟਰਾਂਸਫਾਰਮਰ ’ਚੋਂ ਤੇਲ ਚੋਰੀ, ਜੈਂਪਰਾਂ ਦੀ ਕੀਤੀ ਭੰਨ ਤੋੜ
ਟਰਾਂਸਫਾਰਮਰ ’ਚੋਂ ਚੋਰ ਤੇਲ ਕੱਢ ਕੇ ਲੈ ਗਏ ਤੇ ਜੈਂਪਰਾਂ ਦੀ ਕੀਤੀ ਭੰਨ ਤੋੜ
Publish Date: Fri, 13 Mar 2026 05:18 PM (IST)
Updated Date: Fri, 13 Mar 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਕਿਸਾਨਾਂ ਨੂੰ ਇਨ੍ਹਾਂ ਦਿਨਾਂ ’ਚ ਖੇਤਾਂ ’ਚ ਲੱਗੇ ਟਰਾਂਸਫਾਰਮਰਾਂ ਦੇ ਚੋਰੀ ਹੋਣ, ਉਨ੍ਹਾਂ ’ਚੋਂ ਤੇਲ ਦਾ ਕੱਢਣਾ ਤੇ ਟਰਾਂਸਫਾਰਮਰਾਂ ਦੇ ਵੱਖ ਵੱਖ ਪਾਰਟਸਾਂ ਦੀ ਭੰਨ ਤੋੜ ਕਰਨ ਦੇ ਚਲਦਿਆਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਪਿੰਡਾਂ ’ਚ ਪਿਛਲੇ ਕਾਫੀ ਮਹੀਨਿਆਂ ਤੋਂ ਟਰਾਂਸਫਾਰਮਰ ਚੋਰੀ ਹੋਣਾ ਤੇ ਤੇਲ ਕੱਢਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਘਟਨਾ ਅਨੁਸਾਰ ਪਿੰਡ ਮਲੋਟ ਦੇ ਵਾਸੀ ਜਿਨਾਂ ਦੀ ਜ਼ਮੀਨ ਰਕਬਾ ਭਗਵਾਨਪੁਰਾ ਵਿਚ ਆਉਂਦੀ ਹੈ ਰਮੇਸ਼ ਕੁਮਾਰ ਛਾਬੜਾ ਪੁੱਤਰ ਬੂਲ ਚੰਦ ਦੇ ਟਰਾਂਸਫਾਰਮਰ ਵਿਚੋਂ ਚੋਰ ਤੇਲ ਕੱਢ ਕੇ ਲੈ ਗਏ ਅਤੇ ਜੈਂਪਰਾਂ ਦੀ ਵੀ ਭੰਨ ਤੋੜ ਕਰ ਗਏ। ਇਸੇ ਤਰ੍ਹਾਂ ਹੀ ਜਸਵੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮਲੋਟ ਜਿਨ੍ਹਾਂ ਦੀ ਜਮੀਨ ਕਰਮਗੜ ਰਕਬੇ ਵਿਚ ਆਉਂਦੀ ਹੈ ਦੇ ਖੇਤ ਵਿਚ ਲੱਗੇ ਟਰਾਂਸਫਾਰਮਰ ਦੀ ਚੋਰ ਤੋੜ ਭੰਨ ਕਰਨ ਤੋਂ ਇਲਾਵਾ ਟਰਾਂਸਫਾਰਮਰ ਵਿਚ ਪਿਆ ਤੇਲ ਵੀ ਕੱਢ ਕੇ ਲੈ ਗਏ। ਇਸੇ ਤਰ੍ਹਾਂ ਹੀ ਭਗਵਾਨ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਰਾਣੀ ਵਾਲਾ ਦਾ ਤਾਂਬੇ ਸਮੇਤ ਟਰਾਂਸਫਾਰਮਰ ਚੋਰੀ ਹੀ ਹੋ ਗਿਆ। ਇਨ੍ਹਾਂ ਕਿਸਾਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿਸਾਨਾਂ ਦੇ ਟਰਾਂਸਫਾਰਮਰ ਚੋਰੀ ਹੋ ਰਹੇ ਹਨ ਜਾਂ ਬਹੁਤਿਆਂ ਵਿਚੋਂ ਤੇਲ ਕੱਢਿਆ ਜਾ ਰਿਹਾ ਹੈ। ਕਿਸਾਨਾਂ ਨੇ ਫਿਰ ਮੰਗ ਕੀਤੀ ਕਿ ਪ੍ਰਸ਼ਾਸਨ ਨਿੱਤ ਹੋ ਰਹੀਆਂ ਚੋਰੀਆਂ ਨੂੰ ਠੱਲ ਪਾਵੇ ਤਾਂ ਜੋ ਕਿਸਾਨ ਸੁੱਖ ਦਾ ਸਾਹ ਲੈ ਸਕਣ। ਕਿਸਾਨਾਂ ਨੇ ਕਿਹਾ ਕਿ ਟਰਾਂਸਫਰਮਾਰਾਂ ਵਿਚੋਂ ਤੇਲ ਆਦਿ ਦਾ ਕੱਢਣ ਕਰਕੇ ਦਫਤਰਾਂ ਦੀਆਂ ਖੱਜਲ ਖੁਆਰੀ ਵੀ ਉਨ੍ਹਾਂ ਦੇ ਵੱਸੋਂ ਬਾਹਰ ਦੀ ਗੱਲ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਦਫਤਰਾਂ ਦੀ ਕਾਗਜੀ ਕਾਰਵਾਈ ਨੂੰ ਵੀ ਸੁਖਾਲਾ ਬਣਾਇਆ ਜਾਵੇ।