ਪ੍ਰਮਾਤਮਾ ਨੂੰ ਆਪਣੇ ਜੀਵਨ ਅੰਦਰ ਜਾਣ ਲੈਣਾ ਹੀ ਇਨਸਾਨ ਦੇ ਜੀਵਨ ਦਾ ਪਰਮ ਉਦੇਸ਼ : ਭਾਈ ਮੰਗਲ ਸਿੰਘ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਪਿੰਡ ਬੁੱਟਰ ਸ਼ਰੀਂਹ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਬਾਣੀ ਵਿਚਾਰ ਅਤੇ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੰਸਥਾਨ ਵੱਲੋਂ ਸ੍ਰੀ ਆਸ਼ੂਤੋਸ਼ ਮਹਾਰਾਜ ਦੇ ਸੇਵਕ ਭਾਈ ਮੰਗਲ ਸਿੰਘ ਨੇ ਅਧਿਆਤਮਿਕ ਵਿਚਾਰ ਦਿੰਦੇ ਹੋਏ ਕਿਹਾ ਕਿ ਪ੍ਰਮਾਤਮਾ ਸਰਵ ਵਿਆਪਕ, ਸਰਬ ਸ਼ਕਤੀਮਾਨ ਹੈ ਅਤੇ ਪ੍ਰਮਾਤਮਾ ਨੂੰ ਆਪਣੇ ਜੀਵਨ ਅੰਦਰ ਜਾਣ ਲੈਣਾ ਹੀ ਇਨਸਾਨ ਦੇ ਜੀਵਨ ਦਾ ਪਰਮ ਉਦੇਸ਼ ਹੈ। ਜਦੋਂ ਤੱਕ ਇਨਸਾਨ ਆਪਣੇ ਜੀਵਨ ਅੰਦਰ ਪਰਮਾਤਮਾ ਦੀ ਭਗਤੀ ਨੂੰ ਪ੍ਰਾਪਤ ਨਹੀਂ ਕਰਦਾ ਉਦੋਂ ਤਕ ਉਸ ਦੇ ਜੀਵਨ ਅੰਦਰ ਸੁੱਖ ਅਤੇ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਮਾਜ ਦੇ ਮੌਜੂਦਾ ਹਾਲਾਤਾਂ ਬਾਰੇ ਚਿੰਤਾ ਵਿਅਕਤ ਕਰਦੇ ਹੋਏ ਮੰਗਲ ਨੇ ਦੱਸਿਆ ਕਿ ਅੱਜ ਇਨਸਾਨ ਦੇ ਘੱਟ ਅੰਦਰ ਹਨੇਰਾ ਛਾਇਆ ਹੋਇਆ ਹੈ ਅਤੇ ਇਹ ਹਨ੍ਹੇਰਾ ਅਗਿਆਨਤਾ ਦਾ ਪ੍ਰਤੀਕ ਹੈ। ਜਦੋਂ-ਜਦੋਂ ਵੀ ਇਨਸਾਨ ਅੰਦਰ ਅਗਿਆਨਤਾ ਪੈਦਾ ਹੁੰਦੀ ਹੈ ਉਦੋਂ ਹੀ ਇਨਸਾਨੀਅਤ ਖ਼ਤਮ ਹੋ ਜਾਂਦੀ ਹੈ ਤੇ ਇਨਸਾਨ ਦੇ ਅੰਦਰੋਂ ਗੁਣਾਂ ਦਾ ਨਾਸ਼ ਹੋਣ ਲੱਗਦਾ ਹੈ। ਸਮਾਜ ਵਿਚ ਅਧਰਮ, ਅੱਤਿਆਚਾਰ, ਅਨਾਚਾਰ ਆਦਿ ਬੁਰਾਈਆਂ ਆਪਣਾ ਸਿਰ ਉਠਾਉਣ ਲੱਗਦੀਆਂ ਹਨ।ਇਹੀ ਕਾਰਨ ਹੈ ਕਿ ਸਾਡੇ ਰਿਸ਼ੀ-ਮੁਨੀਆਂ ਨੇ ਉਸ ਪਰਮਾਤਮਾ ਦੇ ਅੱਗੇ ਇਹ ਪ੍ਰਾਰਥਨਾ ਕੀਤੀ ਕਿ ਹੇ ਪ੍ਰਭੂ! ਸਾਡੇ ਜੀਵਨ ਦੇ ਹਨੇਰੇ ਨੂੰ ਦੂਰ ਕਰੋ ਤਾਂ ਕਿ ਅਸੀਂ ਗਿਆਨ ਨੂੰ ਪ੍ਰਾਪਤ ਕਰ ਕੇ ਆਪਣੇ ਜੀਵਨ ਨੂੰ ਸੁੰਦਰ ਬਣਾ ਸਕੀਏ। ਚਾਨਣ ਅੰਦਰ ਸਭ ਕੁਝ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਨਾ ਕੋਈ ਮਨ ਵਿਚ ਵਹਿਮ ਹੁੰਦਾ ਹੈ ਅਤੇ ਨਾ ਹੀ ਕੋਈ ਡਰ। ਜਿਸ ਤਰ੍ਹਾਂ ਬਾਹਰ ਦੇ ਚਾਨਣ ਨਾਲ ਬਾਹਰ ਦਾ ਹਨੇਰਾ ਦੂਰ ਹੁੰਦਾ ਹੈ, ਉਸੇ ਪ੍ਰਕਾਰ ਹੀ ਅੰਦਰੋਂ ਗਿਆਨ ਦੇ ਪ੍ਰਕਾਸ਼ ਨਾਲ ਹੀ ਅਗਿਆਨਤਾ ਦੂਰ ਹੁੰਦੀ ਹੈ। ਗਿਆਨ ਦੀ ਪ੍ਰਾਪਤੀ ਕਿਸੇ ਪੂਰੇ ਸਤਿਗੁਰੂ ਦੀ ਸ਼ਰਨ ਵਿਚ ਜਾ ਕੇ ਹੀ ਪ੍ਰਾਪਤ ਹੁੰਦੀ ਹੈ। ਅੱਜ ਧਿਆਨ ਸਾਰੇ ਕਰਦੇ ਹਨ ਪਰ ਜੀਵਨ ਅੰਦਰ ਸ਼ਾਂਤੀ ਨਹੀਂ ਹੈ ਕਾਰਨ ਇਹੀ ਹੈ ਕਿ ਅਸੀਂ ਧਿਆਨ ਦੇ ਵਾਸਤਵਿਕ ਰੂਪ ਤੋਂ ਜਾਣੂ ਨਹੀਂ ਹਾਂ। ਜਦੋਂ ਗੁਰੂ ਸਾਡੇ ਸਿਰ ਉੱਪਰ ਹੱਥ ਰੱਖ ਕੇ ਦਿਵਯ ਦ੍ਰਿਸ਼ਟੀ ਨੂੰ ਪ੍ਰਗਟ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਪ੍ਰਕਾਸ਼ ਰੂਪ ਪ੍ਰਮਾਤਮਾ ਦਾ ਦਰਸ਼ਨ ਅਸੀਂ ਆਪਣੇ ਘੱਟ ਅੰਦਰ ਕਰਦੇ ਹਾਂ ਤਾਂ ਫਿਰ ਹੀ ਧਿਆਨ ਦੀ ਸਹੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸ ਲਈ ਜੀਵਨ ਅੰਦਰ ਕਿਸੇ ਪੂਰਨ ਗੁਰੂ ਦੀ ਖੋਜ ਕਰਨੀ ਚਾਹੀਦੀ ਹੈ ਜੋ ਕਿ ਸਾਡੇ ਘੱਟ ਅੰਦਰ ਹੀ ਪਰਮਾਤਮਾ ਦਾ ਦਰਸ਼ਨ ਕਰਵਾ ਦੇਵੇ। ਸੰਸਥਾਨ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸੰਸਥਾਨ ਦਾ ਮੁੱਖ ਉਦੇਸ਼ ਬ੍ਰਹਮ ਗਿਆਨ ਦੁਆਰਾ ਮਾਨਵ ਵਿਚ ਕ੍ਰਾਂਤੀ ਅਤੇ ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਕਰਨਾ ਹੈ। ਇਸ ਪ੍ਰੋਗਰਾਮ ’ਚ ਭਾਈ ਰਣਜੀਤ ਸਿੰਘ, ਭਾਈ ਹਰਦੀਪ ਸਿੰਘ ਅਤੇ ਭਾਈ ਜਸਪਾਲ ਸਿੰਘ ਨੇ ਸ਼ਬਦ ਕੀਰਤਨ ਦਾ ਗਾਇਨ ਕੀਤਾ। ਪ੍ਰੋਗਰਾਮ ਤੋਂ ਬਾਅਦ ਸਾਰੀ ਸੰਗਤ ਲਈ ਲੰਗਰ ਵਰਤਾਇਆ ਗਿਆ।