ਨਗਰ ਕੌਂਸਲਾਂ ਦਾ ਕਾਰਜਕਾਲ ਤਿੰਨ ਦਿਨਾਂ ਬਾਅਦ ਹੋਵੇਗਾ ਖ਼ਤਮ, ਐੱਸਡੀਐੱਮ ਸੰਭਾਲਣਗੇ ਚਾਰਜ
ਮੁਕਤਸਰ, ਮਲੋਟ ਤੇ ਗਿੱਦੜਬਾਹਾ ਨਗਰ ਕੌਂਸਲਾਂ ਦਾ ਕਾਰਜਕਾਲ ਤਿੰਨ ਦਿਨਾਂ ਬਾਅਦ ਹੋਵੇਗਾ ਖ਼ਤਮ, ਐਸਡੀਐਮ ਸੰਭਾਲਣਗੇ ਚਾਰਜ
Publish Date: Tue, 14 Apr 2026 05:50 PM (IST)
Updated Date: Wed, 15 Apr 2026 04:07 AM (IST)

-ਤਿੰਨੋਂ ਨਗਰ ਕੌਂਸਲਾਂ ਤੇ ਮੌਜੂਦਾ ਸਮੇਂ ਕਾਂਗਰਸ ਦਾ ਕਬਜ਼ਾ, ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੋਟਰ ਸੂਚੀਆਂ ਦੀ ਸੋਧ ਦਾ ਕੰਮ 17 ਤੋਂ ਸ਼ੁਰੂ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੀਆਂ ਤਿੰਨੋਂ ਨਗਰ ਕੌਂਸਲਾਂ ਦਾ ਪੰਜ ਸਾਲਾਂ ਦਾ ਕਾਰਜਕਾਲ ਅਗਲੇ ਤਿੰਨ ਦਿਨਾਂ ’ਚ ਖ਼ਤਮ ਹੋ ਰਿਹਾ ਹੈ। ਮੁਕਤਸਰ ਅਤੇ ਮਲੋਟ ਦਾ ਕਾਰਜਕਾਲ 19 ਅਪ੍ਰੈਲ ਨੂੰ ਅਤੇ ਗਿੱਦੜਬਾਹਾ ਦਾ 18 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ। ਮੌਜੂਦਾ ਸਮੇਂ ਤਿੰਨੋਂ ਨਗਰ ਕੌਂਸਲਾਂ ਤੇ ਕਾਂਗਰਸ ਦਾ ਕਬਜ਼ਾ ਹੈ, ਪਰ 18 ਅਤੇ 19 ਅਪ੍ਰੈਲ ਤੋਂ ਇੱਥੇ ਸਥਾਨਕ ਐਸਡੀਐਮ ਚਾਰਜ ਸੰਭਾਲ ਲੈਣਗੇ। ਨਗਰ ਕੌਂਸਲ ਚੋਣਾਂ ਜਲਦੀ ਹੋਣ ਦੀ ਉਮੀਦ ਹੈ, ਕਿਉਂਕਿ ਭਾਵੇਂ ਚੋਣਾਂ ਦਾ ਐਲਾਨ ਅਜੇ ਨਹੀਂ ਹੋਇਆ, ਪਰ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣਾਂ ਦੇ ਸਬੰਧ ’ਚ ਵੋਟਰ ਸੂਚੀਆਂ ਦੀ ਸੋਧ ਦਾ ਕੰਮ 17 ਤੋਂ 23 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਸਿਆਸੀ ਪਾਰਟੀਆਂ ’ਚ ਵੀ ਹਲਚਲ ਤੇਜ਼ ਹੋ ਗਈ ਹੈ ਅਤੇ ਦਲ-ਬਦਲੀ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਾਲ 2021 ’ਚ ਹੋਈਆਂ ਨਗਰ ਕੌਂਸਲ ਚੋਣਾਂ ’ਚ ਮੁਕਤਸਰ ਨਗਰ ਕੌਂਸਲ ਦੀਆਂ 31 ਵਿੱਚੋਂ 17 ਵਾਰਡਾਂ ’ਚ ਕਾਂਗਰਸੀ ਕੌਂਸਲਰ ਜਿੱਤੇ ਸਨ। ਜਦਕਿ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ ਦੋ, ਭਾਜਪਾ ਦਾ ਇੱਕ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ। ਉੱਥੇ ਹੀ ਗਿੱਦੜਬਾਹਾ ਦੀਆਂ 19 ਵਿੱਚੋਂ 18 ਸੀਟਾਂ ਤੇ ਕਾਂਗਰਸ ਅਤੇ ਇੱਕ ਤੇ ਆਜ਼ਾਦ ਉਮੀਦਵਾਰ ਜਿੱਤਿਆ ਸੀ। ਇਸੇ ਤਰ੍ਹਾਂ ਮਲੋਟ ਦੀਆਂ 27 ਵਾਰਡਾਂ ਵਿੱਚੋਂ ਜ਼ਿਆਦਾਤਰ ਤੇ ਕਾਂਗਰਸੀ ਕੌਂਸਲਰ ਜਿੱਤੇ ਸਨ ਅਤੇ ਤਿੰਨੋਂ ਨਗਰ ਕੌਂਸਲਾਂ ਤੇ ਕਾਂਗਰਸ ਦਾ ਕਬਜ਼ਾ ਰਿਹਾ ਸੀ। ਹੁਣ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਸ਼ਹਿਰ ਦੀਆਂ ਵਾਰਡਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ, ਕਿਉਂਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ, ਅਜਿਹੇ ਵਿੱਚ ਨਗਰ ਕੌਂਸਲ ਦੀ ਜਿੱਤ ਨਾਲ ਵਿਧਾਨ ਸਭਾ ਚੋਣਾਂ ਦਾ ਰਸਤਾ ਵੀ ਸਾਫ਼ ਹੁੰਦਾ ਦਿਖਾਈ ਦੇਵੇਗਾ। ਸਿਆਸੀ ਪਾਰਟੀਆਂ ਹੋਈਆਂ ਸਰਗਰਮ ਤਿੰਨਾਂ ਸ਼ਹਿਰਾਂ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਵਿੱਚ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਖਾਸ ਕਰਕੇ ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਨੇ ਹੁਣੇ ਤੋਂ ਹੀ ਜੋੜ-ਤੋੜ ਸ਼ੁਰੂ ਕਰ ਦਿੱਤੀ ਹੈ। ਮਲੋਟ ’ਚ ਪਿਛਲੇ ਦਿਨੀਂ ਕਾਂਗਰਸ ਦੇ ਕੁਝ ਆਗੂ ਸ਼ੋ੍ਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਉੱਥੇ ਹੀ ਹੁਣ ਗਿੱਦੜਬਾਹਾ ਵਿੱਚ ਵੀ ਅਕਾਲੀ ਦਲ ਨੇ ਕਰੀਬ ਡੇਢ ਸਾਲ ਬਾਅਦ ਨਵੀਂ ਟੀਮ ਦਾ ਗਠਨ ਕੀਤਾ ਹੈ। ਹਾਲਾਂਕਿ ਕਾਂਗਰਸ ਅਤੇ ਭਾਜਪਾ ਅਜੇ ਜ਼ਮੀਨੀ ਪੱਧਰ ਤੇ ਜ਼ਿਆਦਾ ਸਰਗਰਮ ਨਜ਼ਰ ਨਹੀਂ ਆ ਰਹੀਆਂ। ਦੂਜੇ ਪਾਸੇ ਆਪ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਵੀ ਲਗਾਤਾਰ ਲੋਕਾਂ ਦੇ ਵਿਚਕਾਰ ਜਾ ਰਹੇ ਹਨ।