ਸੂਬਾ ਸਰਕਾਰ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ : ਵਿਧਾਇਕ ਕਾਕਾ ਬਰਾੜ
ਸੂਬਾ ਸਰਕਾਰ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ : ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ
Publish Date: Wed, 18 Feb 2026 07:53 PM (IST)
Updated Date: Wed, 18 Feb 2026 07:54 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਵਪਾਰੀਆਂ ਸਬੰਧੀ ਮੁੱਦਿਆਂ ਨੂੰ ਤਰਜਹੀ ਤੌਰ ਤੇ ਸੁਲਝਾਉਣ ਲਈ ਜ਼ਿਲ੍ਹਾ ਪੱਧਰੀ ਵਪਾਰੀ ਮੀਟਿੰਗ ਦਾ ਆਯੋਜਨ ਸਥਾਨਕ ਘਾਹ ਮੰਡੀ ਚੌਂਕ, ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ। ਇਸ ਬੈਠਕ ’ਚ ਵੱਖ-ਵੱਖ ਵਪਾਰੀਆਂ ਅਤੇ ਉਨ੍ਹਾਂ ਸਬੰਧੀ ਸੰਗਠਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਮੁੱਦਿਆਂ ਨੂੰ ਤਰਜੀਹੀ ਤੌਰ ਤੇ ਸੁਲਝਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨਿਵੇਕਲੀ ਪਹਿਲ ਹੈ, ਜਿਸ ਵਿੱਚ ਸਰਕਾਰ ਖੁਦ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ਉੱਤੇ ਹੀ ਹੱਲ ਕਰ ਰਹੀ ਹੈ। ਇਸ ਮੌਕੇ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਸਮੇਂ-ਸਮੇਂ ਤੇ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਪਲ ਖੜੀ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਵੱਲੋਂ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਜਿਵੇਂ ਬਾਜ਼ਾਰਾਂ ਚ ਆਉਣ ਵਾਲੀ ਟ੍ਰੈਫਿਕ ਦੀ ਸਮੱਸਿਆ, ਪਾਰਕਿੰਗ ਦੀ ਸਮੱਸਿਆ, ਬਾਜ਼ਾਰਾਂ ਚ ਦੁਕਾਨਦਾਰਾਂ ਅਤੇ ਗ੍ਰਾਹਕਾਂ ਲਈ ਵਾਸ਼ਰੂਮ ਬਨਾਉਣ ਸਬੰਧੀ, ਜੀ.ਐਸ.ਟੀ ਸਬੰਧੀ ਸਮੱਸਿਆਵਾਂ ਅਤੇ ਹੋਰ ਵੱਖ ਵੱਖ ਸਮੱਸਿਆਵਾਂ ਬਾਰੇ ਦੱਸਿਆ ਗਿਆ। ਉਨ੍ਹਾਂ ਪੰਜਾਬ ਸਰਕਾਰ ਦਾ ਇਸ ਗਲ ਦਾ ਧੰਨਵਾਦ ਵੀ ਕੀਤਾ ਕਿ ਇਹ ਪਹਿਲੀ ਸਰਕਾਰ ਹੈ ਜੋ ਵਪਾਰੀ ਵਰਗ ਨਾਲ ਜ਼ਿਲ੍ਹਾ ਪੱਧਰੀ ਮੀਟਿੰਗਾਂ ਸੁਚੱਜੇ ਢੰਗ ਨਾਲ ਕਰ ਰਹੀ ਹੈ। ਵਿਧਾਇਕ ਕਾਕਾ ਬਰਾੜ ਨੇ ਇਸ ਮੌਕੇ ਬੋਲਦਿਆਂ ਭਰੋਸਾ ਦਵਾਇਆ ਕਿ ਵਪਾਰੀਆਂ ਸਬੰਧੀ ਸਾਰੀਆਂ ਮੁਸ਼ਕਲਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਪਾਰੀਆਂ ਨਾਲ ਸਬੰਧਿਤ ਸਾਰੇ ਵਿਭਾਗਾਂ ਦੇ ਮੁਖੀ ਮੀਟਿੰਗ ਚ ਹਾਜ਼ਰ ਨੇ ਜਿਨ੍ਹਾਂ ਨੂੰ ਸਬੰਧਿਤ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਵਨੀਤ ਜਿੰਦਲ ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਸ੍ਰੀ ਮੁਕਤਸਰ ਸਾਹਿਬ, ਅਸ਼ੋਕ ਬੁੱਟਰ ਚੇਅਰਮੈਨ ਟਰੇਡਰਜ਼ ਕਮਿਸ਼ਨ ਵਿਧਾਨਸਭਾ ਹਲਕਾ ਗਿੱਦੜਬਾਹਾ, ਤੇਜਿੰਦਰ ਸਿੰਘ ਧੂੜੀਆ ਚੇਅਰਮੈਨ ਟਰੇਡਰਜ਼ ਕਮਿਸ਼ਨ ਵਿਧਾਨਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ, ਐਸਡੀਐਮ ਬਲਜੀਤ ਕੌਰ ਸ੍ਰੀ ਮੁਕਤਸਰ ਸਾਹਿਬ, ਅਮਿਤ ਗੋਇਲ ਸਹਾਇਕ ਕਮਿਸ਼ਨਰ ਜੀਐਸਟੀ, ਮਨਜਿੰਦਰ ਸਿੰਘ ਰਾਜ ਕਰ ਅਫਸਰ, ਅਮਿਤ ਕੁਮਾਰ ਚਰਾਇਆ ਰਾਜ ਕਰ ਅਫਸਰ, ਗੁਰਿੰਦਰਜੀਤ ਸਿੰਘ ਰਾਜ ਕਰ ਅਫਸਰ, ਇੰਦਰਜੀਤ ਬਾਂਸਲ ਪ੍ਰਧਾਨ ਵਪਾਰ ਮੰਡਲ, ਇਕਬਾਲ ਸਿੰਘ ਪ੍ਰਧਾਨ ਆੜਤੀਆ ਯੁਨੀਅਨ, ਅਸ਼ੋਕ ਚੁੱਗ ਪ੍ਰਧਾਨ ਪ੍ਰੋਪਰਟੀ ਡੀਲਰ, ਸਮੂਹ ਵਪਾਰੀ ਵਰਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸਹਿਬਾਨ ਹਾਜ਼ਰ ਸਨ।