ਨਵਜੰਮਿਆਂ ਦੀ ਤਸਕਰੀ ਗਿਰੋਹ ਦਾ ਸਰਗਣਾ, ਪਤਨੀ ਤੇ ਸਾਲੀ ਅਜੇ ਛੇ ਮਹੀਨੇ ਪਹਿਲਾਂ ਹੀ ਜੇਲ੍ਹ ਕੱਟ ਕੇ ਆਏ
ਨਵਜੰਮੇ ਬੱਚਿਆਂ ਦੀ ਤਸਕਰੀ ਗਿਰੋਹ ਦਾ ਸਰਗਣਾ, ਪਤਨੀ ਤੇ ਸਾਲੀ ਅਜੇ ਛੇ ਮਹੀਨੇ ਪਹਿਲਾਂ ਹੀ ਜੇਲ੍ਹ ਕੱਟ ਕੇ ਆਏ
Publish Date: Fri, 10 Apr 2026 06:54 PM (IST)
Updated Date: Sat, 11 Apr 2026 04:12 AM (IST)

- ਬਾਹਰ ਆ ਕੇ ਫਿਰ ਸ਼ੁਰੂ ਕਰ’ਤਾ ਧੰਦਾ, ਜਲਾਲਾਬਾਦ ਰੋਡ ਸਥਿਤ ਘਰ ’ਚ ਹੀ ਕਰਦੇ ਸੀ ਜਣੇਪਾ - ਕੁੱਖ ’ਚ ਹੀ ਕਰ ਲੈਂਦੇ ਸਨ ਬੱਚੇ ਦਾ ਸੌਦਾ, ਬੇਔਲਾਦ ਜੋੜਿਆਂ ਨਾਲ ਇੰਟਰਨੈੱਟ ਰਾਹੀਂ ਕਰਦੇ ਸਨ ਸੰਪਰਕ - ਲੱਖਾਂ ਰੁਪਏ ’ਚ ਹੁੰਦੀ ਸੀ ਖ਼ਰੀਦੋ-ਫਰੋਖ਼ਤ, ਦੇਸ਼ ਦੇ ਕੋਨੇ-ਕੋਨੇ ਤੱਕ ਵਿਛਾ ਰੱਖਿਆ ਸੀ ਜਾਲ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਵਜੰਮੇ ਬੱਚਿਆਂ ਨੂੰ ਲੱਖਾਂ ਰੁਪਏ ’ਚ ਖਰੀਦਣ ਤੇ ਵੇਚਣ ਵਾਲੇ ਗਿਰੋਹ ਨੂੰ ਪਿਛਲੇ ਦਿਨੀਂ ਹਰਿਆਣਾ ਦੀ ਬਹਾਦਰਗੜ੍ਹ ਪੁਲਿਸ ਨੇ ਫੜਿਆ ਸੀ। ਇਸ ਗਿਰੋਹ ਦਾ ਸਰਗਣਾ ਮੁਕਤਸਰ ਦੇ ਜਲਾਲਾਬਾਦ ਰੋਡ ਦਾ ਰਹਿਣ ਵਾਲਾ ਪਰਗਟ ਸਿੰਘ ਉਰਫ਼ ਲਾਡੀ ਤੇ ਉਸਦੀ ਨਰਸ ਪਤਨੀ ਰਾਣੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਣੀ ਤੇ ਫ਼ਰੀਦਕੋਟ ਵਾਸੀ ਉਸ ਦੀ ਭੈਣ ਨੇ ਇਹ ਸਾਰਾ ਨੈੱਟਵਰਕ ਚਲਾ ਰੱਖਿਆ ਸੀ, ਜਿਸ ’ਚ ਲਾਡੀ ਵੀ ਮੁੱਖ ਤੌਰ ਤੇ ਸ਼ਾਮਲ ਸੀ। ਇਹ ਪਿਛਲੇ ਲਗਪਗ ਪੰਜ ਸਾਲਾਂ ਤੋਂ ਨਵਜੰਮੇ ਬੱਚਿਆਂ ਨੂੰ ਖ਼ਰੀਦ ਕੇ ਅੱਗੇ ਵੇਚਣ ਦੇ ਧੰਦੇ ’ਚ ਸਰਗਰਮ ਹਨ। ਪਹਿਲਾਂ ਵੀ ਇਨ੍ਹਾਂ ਤਿੰਨਾਂ ਤੇ ਬੱਚਿਆਂ ਦੀ ਖ਼ਰੀਦੋ-ਫਰੋਖ਼ਤ ਦੇ ਮਾਮਲੇ ’ਚ ਕੇਸ ਚੱਲ ਰਿਹਾ ਹੈ। ਇਸੇ ਮਾਮਲੇ ’ਚ ਇਹ ਜੇਲ੍ਹ ਕੱਟ ਕੇ ਛੇ ਮਹੀਨੇ ਪਹਿਲਾਂ ਹੀ ਰਿਹਾਅ ਹੋ ਕੇ ਆਏ ਸਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਨ੍ਹਾਂ ਫਿਰ ਤੋਂ ਇਹ ਧੰਦਾ ਸ਼ੁਰੂ ਕਰ ਦਿੱਤਾ। ਬਹਾਦਰਗੜ੍ਹ ਪੁਲਿਸ ਵੱਲੋਂ ਸਾਥੀ ਫੜੇ ਜਾਣ ਤੋਂ ਬਾਅਦ ਇਹ ਜੋੜਾ ਘਰ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਿਆ ਹੈ ਤੇ ਮੁਹੱਲੇ ’ਚ ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਜਾਣ ਦੀ ਗੱਲ ਕਹਿ ਕੇ ਗਏ ਹਨ। ਦੋ ਦਿਨ ਪਹਿਲਾਂ ਬਹਾਦਰਗੜ੍ਹ ਪੁਲਿਸ ਮੁਕਤਸਰ ’ਚ ਜਲਾਲਾਬਾਦ ਰੋਡ ਸਥਿਤ ਲਾਡੀ ਅਤੇ ਨਰਸ ਰਾਣੀ ਦੇ ਘਰ ਛਾਪਾ ਮਾਰਨ ਆਈ ਸੀ, ਪਰ ਇਹ ਜੋੜਾ ਇੱਕ ਹਫ਼ਤੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ ’ਚ ਸੀ ਨੈੱਟਵਰਕ ਜ਼ਿਕਰਯੋਗ ਹੈ ਕਿ ਬਹਾਦਰਗੜ੍ਹ ਪੁਲਿਸ ਦੀ ਜਾਂਚ ’ਚ ਦੇਸ਼ ਦੇ 10 ਸੂਬਿਆਂ ’ਚ ਇਸ ਗਿਰੋਹ ਵੱਲੋਂ 50 ਤੋਂ ਵੱਧ ਬੱਚੇ ਵੇਚਣ ਦੇ ਮਾਮਲਿਆਂ ਦਾ ਪਤਾ ਲੱਗਾ ਹੈ। ਪੰਜਾਬ ਤੋਂ ਲੈ ਕੇ ਹਰਿਆਣਾ, ਦਿੱਲੀ, ਰਾਜਸਥਾਨ, ਚੰਡੀਗੜ੍ਹ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ ਤੇ ਛੱਤੀਸਗੜ੍ਹ ’ਚ ਬੱਚਿਆਂ ਦੀ ਖ਼ਰੀਦੋ-ਫਰੋਖ਼ਤ ਦਾ ਇਹ ਕਾਲਾ ਕਾਰੋਬਾਰ ਗੋਦ ਦਿਵਾਉਣ ਦੇ ਨਾਂ ਤੇ ਚੱਲ ਰਿਹਾ ਸੀ। ਇਸ ਮਾਮਲੇ ’ਚ ਹੁਣ ਤੱਕ ਨੌਂ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਘਰ ’ਚ ਹੀ ਕਰਦੀ ਸੀ ਜਣੇਪਾ, 20 ਲੱਖ ’ਚ ਖਰੀਦਿਆ ਨਵਾਂ ਘਰ ਜਾਣਕਾਰੀ ਮਿਲੀ ਹੈ ਕਿ ਨਰਸ ਰਾਣੀ ਦਾ ਲਾਡੀ ਨਾਲ ਇਹ ਦੂਜਾ ਵਿਆਹ ਹੈ। ਇਨ੍ਹਾਂ ਦੇ ਦੋ ਬੱਚੇ ਹਨ। ਲਾਡੀ ਕੋਲ ਇਕ ਟਰੱਕ ਹੈ, ਜਿਸਨੂੰ ਚਲਾਉਣ ਲਈ ਡਰਾਈਵਰ ਰੱਖਿਆ ਹੋਇਆ ਹੈ। ਰਾਣੀ ਪਹਿਲਾਂ ਕਿਸੇ ਨਿੱਜੀ ਹਸਪਤਾਲ ’ਚ ਨਰਸ ਵਜੋਂ ਕੰਮ ਕਰਦੀ ਸੀ। ਬਾਅਦ ’ਚ ਉਸ ਨੇ ਜਲਾਲਾਬਾਦ ਰੋਡ ਤੇ ਇਕ ਕਲੀਨਿਕ ਖੋਲ੍ਹਿਆ ਤੇ ਪੰਜ ਸਾਲ ਪਹਿਲਾਂ ਜਲਾਲਾਬਾਦ ਰੋਡ ਗਲੀ ਨੰਬਰ ਛੇ ’ਚ 20 ਲੱਖ ਰੁਪਏ ’ਚ ਨਵਾਂ ਘਰ ਖਰੀਦਿਆ, ਜਿੱਥੇ ਉਹ ਆਪਣਾ ਕਲੀਨਿਕ ਚਲਾਉਣ ਲੱਗੀ। ਉਹ ਔਰਤਾਂ ਦਾ ਜਣੇਪਾ (ਡਿਲਿਵਰੀ) ਆਪਣੇ ਘਰ ’ਚ ਹੀ ਕਰਦੀ ਸੀ। ਇਹ ਗਿਰੋਹ ਡਿਜੀਟਲ ਪਲੇਟਫਾਰਮ ਤੋਂ ਲੈ ਕੇ ਹਸਪਤਾਲਾਂ ਤੱਕ ਆਪਣਾ ਜਾਲ ਵਿਛਾਈ ਬੈਠਾ ਸੀ। ਇੰਟਰਨੈੱਟ ਤੇ ਬੇਔਲਾਦ ਜੋੜਿਆਂ ਦੇ ਰੂਪ ’ਚ ਗਾਹਕਾਂ ਦੀ ਭਾਲ ਕੀਤੀ ਜਾਂਦੀ ਸੀ। ਸੌਦਾ ਹੋਣ ਤੋਂ ਬਾਅਦ ਬੱਚੇ ਦੀ ਡਿਲਿਵਰੀ ਦਿੱਤੀ ਜਾਂਦੀ ਸੀ। ਪੈਸੇ ਨਕਦ ਲਏ ਜਾਂਦੇ ਸਨ ਤਾਂ ਜੋ ਕੋਈ ਸਬੂਤ ਨਾ ਰਹੇ। ਫ਼ਰੀਦਕੋਟ ਦੇ ਪਿੰਡ ਮਚਾਕੀ ਕਲਾਂ ਤੋਂ ਖ਼ਰੀਦਿਆ ਸੀ ਬੱਚਾ ਬਹਾਦਰਗੜ੍ਹ ਪੁਲਿਸ ਨੇ ਜੋ ਬੱਚਾ ਬਰਾਮਦ ਕੀਤਾ ਹੈ, ਉਹ ਫ਼ਰੀਦਕੋਟ ਦੇ ਪਿੰਡ ਮਚਾਕੀ ਕਲਾਂ ਤੋਂ ਖਰੀਦਿਆ ਗਿਆ ਸੀ। ਫ਼ਰੀਦਕੋਟ ਵਾਸੀ ਕੁਲਵਿੰਦਰ ਤੇ ਉਸ ਦੀ ਪਤਨੀ ਪਰਮਜੀਤ ਨੇ ਇਹ ਬੱਚਾ ਵੇਚਿਆ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਜੋੜੇ ਦੇ ਪਹਿਲਾਂ ਹੀ ਦੋ ਬੱਚੇ ਹਨ। ਜਦੋਂ ਤੀਜਾ ਬੱਚਾ ਲੜਕਾ ਪੈਦਾ ਹੋਇਆ ਤਾਂ ਉਨ੍ਹਾਂ ਨੇ ਉਸ ਨੂੰ ਗਿਰੋਹ ਨੂੰ ਸਵਾ ਦੋ ਲੱਖ ਰੁਪਏ ’ਚ ਵੇਚ ਦਿੱਤਾ ਸੀ। ਇਹ ਕੇਸ ਬਹਾਦਰਗੜ੍ਹ ਪੁਲਿਸ ਦੇਖ ਰਹੀ ਹੈ, ਅਸੀਂ ਸਹਿਯੋਗ ਕੀਤਾ ਹੈ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਬਹਾਦਰਗੜ੍ਹ ਪੁਲਿਸ ਨਾਲ ਜੁੜਿਆ ਹੋਇਆ ਹੈ। ਬਹਾਦਰਗੜ੍ਹ ਪੁਲਿਸ ਮੁਕਤਸਰ ’ਚ ਲਾਡੀ ਦੇ ਘਰ ਆਈ ਸੀ ਤੇ ਸਥਾਨਕ ਪੁਲਿਸ ਨੇ ਉਨ੍ਹਾਂ ਦਾ ਸਹਿਯੋਗ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ। ਇਹ ਕੇਸ ਪੂਰੀ ਤਰ੍ਹਾਂ ਬਹਾਦਰਗੜ੍ਹ ਪੁਲਿਸ ਹੀ ਦੇਖ ਰਹੀ ਹੈ।