ਤਰਕਸ਼ੀਲ ਨਾਟ ਮੇਲੇ ਨੇ ਦਿੱਤਾ ਚਿੰਤਨ, ਚੇਤਨਾ ਤੇ ਤਰਕਸ਼ੀਲਤਾ ਦਾ ਸੁਨੇਹਾ
ਤਰਕਸ਼ੀਲ ਨਾਟ ਮੇਲੇ ਨੇ ਦਿੱਤਾ ਚਿੰਤਨ, ਚੇਤਨਾ ਤੇ ਤਰਕਸ਼ੀਲਤਾ ਦਾ ਸੁਨੇਹਾ
Publish Date: Thu, 15 Jan 2026 06:00 PM (IST)
Updated Date: Fri, 16 Jan 2026 04:07 AM (IST)
-ਰੰਗਮੰਚ ਤੇ ਨਾਟਕ ‘ਮੈਂ ਫਿਰ ਆਵਾਂਗਾ’ ’ਚ ਸ਼ਹੀਦ ਭਗਤ ਸਿੰਘ ਹੋਇਆ ਲੋਕਾਂ ਦੇ ਰੂਬਰੂ
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਮਾਘੀ ਮੇਲਾ ਮੁਕਤਸਰ ਤੇ ਚੱਲ ਰਹੇ ਤਰਕਸ਼ੀਲ ਨਾਟ ਉਤਸਵ ਦੇ ਦੂਸਰੇ ਦਿਨ, ਦਿਨ-ਭਰ ਤਰਕਸ਼ੀਲਾਂ ਦੇ ਮੰਚ ਤੋਂ ਕਵੀਸ਼ਰੀ, ਨਾਟ, ਜਾਦੂ ਕਲਾ ਤੇ ਕੋਰੀਓਗ੍ਰਾਫੀਆਂ ਦਾ ਰੰਗ ਬਿਖਰਦਾ ਰਿਹਾ। ਮੇਲੇ ਦਾ ਆਗਾਜ਼ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਵੱਲੋਂ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਦੀ ਜੀਵਨ ਘਟਨਾ ਨੂੰ ਸਮਰਪਿਤ ਕਵੀਸ਼ਰੀ ‘ਪ੍ਰਣਾਮ ਉਨ੍ਹਾਂ ਪੈਰਾਂ ਨੂੰ ਜਿਨ੍ਹਾਂ ਨੂੰ ਸਫ਼ਰ ਥਕਾ ਨਾ ਸਕਿਆ’ ਰਾਹੀਂ ਕੀਤਾ। ਕਵੀਸ਼ਰੀ ਜਥੇ ਨੇ ਜ਼ਫ਼ਰਨਾਮਾ, ਤਰਕਸ਼ੀਲਤਾ ਤੇ ‘ਪਾਣੀ ਹੁਣ ਪੁੱਛਣ ਸਾਨੂੰ’ ਆਦਿ ਕਵੀਸ਼ਰੀਆਂ ਨਾਲ ਮੇਲੀਆਂ ਨੂੰ ਸੋਚਣ ਲਾਇਆ। ਨਾਟ ਮੇਲੇ ਵਿਚ ਪੀਪਲਜ਼ ਥੀਏਟਰ ਪਟਿਆਲਾ ਦੀ ਨਾਟਕ ਟੀਮ ਨੇ ਭਗਤ ਸਿੰਘ ਦੀਆਂ ਸੋਚਾਂ-ਸੁਪਨਿਆਂ ਨਾਲ ਜੁੜਿਆ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਪ੍ਰਸਿੱਧ ਨਾਟਕ ‘ਮੈਂ ਫ਼ਿਰ ਆਵਾਂਗਾ’ ਦਾ ਸਫਲ ਮੰਚਨ ਕੀਤਾ, ਜਿਸ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਕਰਦਿਆਂ ਅਜੋਕੇ ਸਮੇਂ ਦੀਆਂ ਚੁਣੌਤੀਆਂ ਦੀ ਜ਼ਿਕਰ ਕੀਤਾ ਗਿਆ ਸੀ। ਲੋਕਾਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਸਾਹਿਤ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਸਮਾਜ ਦੀ ਬਿਹਰਤੀ ਲਈ ਹਰੇਕ ਵਿਅਕਤੀ ਨੂੰ ਵਿਗਿਆਨਕ ਚੇਤਨਾ, ਚਿੰਤਨ, ਪੁਸਤਕਾਂ ਤੇ ਸੋਚਣ ਸਮਝਣ ਦੇ ਰਾਹ ਤੁਰਨ ਦਾ ਸੱਦਾ ਦਿੱਤਾ। ਇਸ ਮੌਕੇ ਪੀਪਲਜ਼ ਆਰਟ ਨਾਟ ਮੰਡਲੀ ਵੱਲੋਂ ਦੇਸ਼ ਭਗਤ ਨਾਇਕਾ ਬੀਬੀ ਗੁਲਾਬ ਕੌਰ ਦੇ ਜੀਵਨ ਦੇ ਕੁਰਬਾਨੀ ਨੂੰ ਦਰਸਾਉਂਦੇ ਸੰਗੀਤਕ ਓਪੇਰਾ 'ਖਿੜਦੇ ਰਹਿਣ ਗਦਰੀ ਗੁਲਾਬ' ਦੀ ਸਫ਼ਲ ਪੇਸ਼ਕਾਰੀ ਕੀਤੀ। ਲੋਕਾਂ ਨੂੰ ਜ਼ਿੰਦਗੀ ਤੇ ਗਿਆਨ ਦੀ ਝਲਕ ਵਿਖਾਉਣ ਵਾਲਾ ਇਹ ਮੇਲਾ ਪੁਸਤਕਾਂ ਦੀ ਸਟਾਲ ਤੇ ਤਰਕਸ਼ੀਲ ਤੇ ਅਗਾਂਹ ਵਧੂ ਸਾਹਿਤ ਖਰੀਦਦੇ ਲੋਕਾਂ ਨੂੰ ਵੇਖ ਕੇ ਸਫਲਤਾ ਦੀ ਇਬਾਰਤ ਲਿਖਦਾ ਨਜ਼ਰ ਆਇਆ। ਮੰਚ ਤੋੰ ਲੋਕਾਂ ਨੂੰ ਜਾਦੂ ਕਲਾ ਸਿਖਾਉਣ ਲਈ ਸੁਖਦੇਵ ਮਲੂਕਪੁਰੀ ਦਾ ਰੋਲ ਵੀ ਸਰਹੁਣਯੋਗ ਰਿਹਾ। ਮੇਲੇ ਨੂੰ ਸਫ਼ਲ ਬਣਾਉਣ ਲਈ ਕੁਲਜੀਤ ਡੰਗਰ ਖੇੜਾ, ਡਾ. ਅਵਤਾਰ ਦੀਪ, ਬੂਟਾ ਸਿੰਘ ਵਾਕਫ਼, ਤੇਜਿੰਦਰ ਸੋਥਾ, ਪਰਮਿੰਦਰ ਖੋਖਰ, ਗੁਰਮੀਤ ਭਲਵਾਨ, ਸੰਜੇ ਕੁਮਾਰ, ਜਗਦੀਸ਼ ਕਿੱਕਰ ਖੇੜਾ, ਵਿਨੋਦ ਬਾਰੇਕਾ ਤੇ ਬਲਦੇਵ ਲੱਧੂਵਾਲਾ ਨੇ ਪੂਰਨ ਸਹਿਯੋਗ ਦਿੱਤਾ।
ਕੱਲ੍ਹ 16 ਜਨਵਰੀ ਨਾਟ ਮੇਲੇ ਦੇ ਤੀਜੇ ਦਿਨ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਨਾਟਕ ਟੀਮ ਵੱਲੋਂ ਗੁਰਸ਼ਰਨ ਸਿੰਘ ਦੇ ਨਾਟਕ ਖੇਡੇ ਜਾਣਗੇ। ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰ ਲੋਕ ਪੱਖੀ ਗਾਇਕੀ ਦਾ ਰੰਗ ਬਿਖੇਰਣਗੇ।