ਰਾਤ ਭਰ ਤੋਂ ਹੋ ਰਹੀ ਕਿਣਮਣ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ
ਰਾਤ ਭਰ ਤੋਂ ਹੋ ਰਹੀ ਕਿਣਮਣ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ
Publish Date: Sun, 15 Mar 2026 05:29 PM (IST)
Updated Date: Sun, 15 Mar 2026 05:30 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਦੋ ਦਿਨ ਤੋਂ ਹੋ ਰਹੀ ਕਿਣਮਣ ਕਣੀ ਅਤੇ ਤੇਜ ਹਵਾਵਾਂ ਨੇ ਕਿਸਾਨਾਂ ਦੇ ਹੌਸਲੇ ਢਾਹ ਦਿੱਤੇ ਹਨ। ਕਾਫੀ ਜਗ੍ਹਹ ਕਣਕਾਂ ਡਿੱਗ ਪਈਆਂ ਹਨ ਅਤੇ ਕਿਸਾਨ ਅਰਦਾਸਾਂ ਕਰ ਰਹੇ ਹਨ ਕਿ ਪਰਮਾਤਮਾ ਮੇਹਰ ਦਾ ਹੱਥ ਰੱਖੇ ਕਿਉਂਕਿ ਮੀਂਹ ਦੇ ਨਾਲ ਜਦ ਝੱਖੜ ਝੋਲਾ ਆਉਂਦਾ ਹੈ ਤਾਂ ਕਣਕਾਂ ਬਿਲਕੁਲ ਵਿਛ ਜਾਂਦੀਆਂ ਹਨ। 15 ਤੋਂ 20 ਦਿਨ ਤੱਕ ਕਣਕਾਂ ਬਿਲਕੁਲ ਪੱਕ ਕੇ ਤਿਆਰ ਹੋ ਜਾਣਗੀਆਂ ਅਤੇ ਵਾਢੀ ਦਾ ਜ਼ੋਰ ਪੈ ਜਾਵੇਗਾ। ਅੱਜ ਕੱਲ ਤੋਂ ਕਈ ਵਾਰ ਮੌਸਮ ਖਰਾਬ ਹੋ ਕੇ ਪੱਕੀਆਂ ਕਣਕਾਂ ਤਬਾਹ ਕਰ ਦਿੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਨਾ ਪੈਣ ਕਾਰਨ ਅਤੇ ਗਰਮੀ ਜਿਆਦਾ ਪੈਣ ਕਾਰਨ ਕਣਕ ਦਾ ਝਾੜ ਘਟਣ ਦਾ ਖਤਰਾ ਬਣਿਆ ਹੋਇਆ ਸੀ ਅਤੇ ਹੁਣ ਮੌਸਮ ਨੇ ਕਿਸਾਨ ਨੂੰ ਡਾਹਢੀ ਚਿੰਤਾ ’ਚ ਪਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇ ਕਣਕ ਦਾ ਨੁਕਸਾਨ ਹੋ ਜਾਵੇ ਤਾਂ ਸਰਕਾਰਾਂ ਵੀ ਬਾਂਹ ਨਹੀਂ ਫੜਦੀਆਂ ਸਿਰਫ ਦੌਰੇ ਕਰਕੇ ਲੀਡਰ ਮੁੜ ਜਾਂਦੇ ਹਨ ਅਤੇ ਮਗਰਮੱਛ ਦੇ ਹੰਝੂ ਕੇਰਦੇ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਨਾ ਹੀ ਇਹੋ ਜਿਹਾ ਵੇਲਾ ਲਿਆਵੇ ਅਤੇ ਨਾ ਹੀ ਸਰਕਾਰਾਂ ਅੱਗੇ ਹੱਥ ਅੱਡਣੇ ਪੈਣ। ਫਸਲ ਤੋਂ ਕਿਸਾਨਾਂ ਨੂੰ ਡਾਢੀਆਂ ਉਮੀਦਾਂ ਚਰਨਦੀਪ ਸਿੰਘ ਮਾਨ ਪਿੰਡ ਬਾਮ ਨੇ ਦੱਸਿਆ ਕਿ ਫਸਲ ਤੋਂ ਕਿਸਾਨਾਂ ਨੂੰ ਡਾਢੀਆਂ ਉਮੀਦਾਂ ਹੁੰਦੀਆਂ ਹਨ ਅਤੇ ਦੇਸ਼ ਦਾ ਸਾਰਾ ਸਿਸਟਮ ਫਸਲ ਤੇ ਹੀ ਚਲਦਾ ਹੈ ਜੇ ਫਸਲ ਹੀ ਮਰ ਜਾਵੇ ਤਾਂ ਸਾਰਾ ਸਿਸਟਮ ਹਿਲ ਜਾਂਦਾ ਹੈ, ਕਿਸੇ ਕਿਸਾਨ ਨੇ ਬੈਂਕ ਦੀ ਕਿਸ਼ਤ ਭਰਨੀ ਹੁੰਦੀ ਹੈ ਕਿਸੇ ਨੇ ਬੱਚਿਆਂ ਦੇ ਵਿਆਹ ਕਰਨੇ ਹੁੰਦੇ ਹਨ, ਕਿਸੇ ਨੇ ਆੜਤੀ ਅਦਾ ਕਰਜਾ ਮੋੜਨਾ ਹੁੰਦਾ ਹੈ ਅਤੇ ਅਗਲੀ ਫਸਲ ਲਈ ਪੈਸੇ ਦਾ ਪ੍ਰਬੰਧ ਕਰਨਾ ਹੁੰਦਾ ਹੈ ਹੁਣ ਤਾਂ ਸਰਕਾਰਾਂ ਤੋਂ ਝਾਕ ਕਰਨੀ ਬਿਲਕੁਲ ਹੀ ਗਲਤ ਹੈ। ਫਸਲ ਕਿਸਾਨ ਦੀ ਮਰਦੀ ਹੈ ਲੀਡਰਾਂ ਦੇ ਤਾਂ ਘਿਓ ਦੇ ਦੀਵੇ ਬਲਦੇ ਹਨ। ਪਰਮਾਤਮਾ ਕਿਸਾਨ ਦੀ ਬਾਂਹ ਫੜੇ : ਸਰਪੰਚ ਸੰਜੋਤ ਸਿੰਘ ਸਰਪੰਚ ਰੱਤਾ ਟਿੱਬਾ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੇ ਪਿੰਡ ਵਿੱਚ ਸੇਮ ਜਿਆਦਾ ਹੋਣ ਕਾਰਨ ਫਸਲ ਪਹਿਲਾਂ ਹੀ ਮਾੜੀ ਹੁੰਦੀ ਹੈ ਪਰ ਉਪਰੋਂ ਪਰਮਾਤਮਾ ਕਰੋਪ ਹੋ ਜਾਵੇ ਤਾਂ ਹੱਥ ਪੱਲੇ ਕੁਝ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਦੋ ਮਹੀਨੇ ਦੀ ਨਹਿਰੀ ਬੰਦੀ ਨੇ ਕਿਸਾਨਾਂ ਨੂੰ ਨਿਚੋੜ ਕੇ ਰੱਖ ਦਿੱਤਾ ਕਿਉਂਕਿ ਟਿਊਬਵੈਲਾਂ ਦੇ ਪਾਣੀ ਮਾੜੇ ਹੋਣ ਕਾਰਨ ਲੋਕਾਂ ਨੂੰ ਮਜਬੂਰੀ ਵੱਸ ਕਣਕ ਨੂੰ ਲਾਉਣੇ ਪਏ ਅਤੇ ਪੈਲੀ ਹੋਰ ਜਿਆਦਾ ਸ਼ੋਰਾ ਕੱਢ ਗਈ ਹੁਣ ਕਣਕ ਤੇ ਜਿਮੀਦਾਰਾਂ ਨੂੰ ਵੱਡੀਆਂ ਆਸਾਂ ਹਨ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਪਰਮਾਤਮਾ ਕਿਸਾਨ ਦੀ ਬਾਂਹ ਫੜੇ। ਮੌਸਮ ਡਾਹਢਾ ਖਰਾਬ ਹੋਣ ਕਾਰਨ ਚਿੰਤਾ ’ਚ ਡੁੱਬੇ ਹਾਂ ਬਲਜੀਤ ਸਿੰਘ ਬਰਾੜ ਬੋਦੀਵਾਲਾ ਨੇ ਦੱਸਿਆ ਕਿ ਮੈਂ ਫਸਲ ਦੀ ਝਾਕ ਤੇ ਕੋਠੀ ਸ਼ੁਰੂ ਕਰ ਲਈ ਹੈ ਅਤੇ ਮੇਰਾ ਸਾਰਾ ਦਾਰੋਮਦਾਰ ਕਣਕ ਦੀ ਫਸਲ ’ਤੇ ਹੀ ਹੈ। ਕੱਲ ਦਾ ਮੌਸਮ ਡਾਹਢਾ ਖਰਾਬ ਹੋਣ ਕਾਰਨ ਚਿੰਤਾ ਵਿੱਚ ਡੁੱਬੇ ਹਾਂ ਅਸੀਂ ਕੰਮ ਨੂੰ ਨਾ ਰੋਕ ਸਕਦੇ ਹਾਂ ਅਤੇ ਨਾ ਹੀ ਅੱਗੇ ਚਲਾ ਸਕਦੇ ਹਾਂ ਕਿਉਂਕਿ ਪਹਿਲਾਂ ਵਾਲਾ ਮਕਾਨ ਅਸੀਂ ਢਾਹ ਦਿੱਤਾ ਹੈ ਨਵੇਂ ਦੇ ਚਾਅ ਵਿੱਚ ਪੁਰਾਣੇ ਕਮਰੇ ਵੀ ਢਾਹ ਦਿੱਤੇ ਅਤੇ ਹੁਣ ਮੌਸਮ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰਾਂ ਤੋਂ ਤਾਂ ਬਿਲਕੁਲ ਹੀ ਝਾਕ ਮਿਟੀ ਹੋਈ ਹੈ। ਸਰਕਾਰਾਂ ਨੂੰ ਘੱਟੋ ਘੱਟ ਫਸਲ ਦਾ 50 ਹਜਾਰ ਏਕੜ ਮੁਆਵਜਾ ਫਿਕਸ ਕਰ ਦੇਣਾ ਚਾਹੀਦਾ ਹੈ ਤਾਂ ਕਿ ਕਿਸਾਨ ਨੂੰ ਕਿਸੇ ਵੀ ਚਿੰਤਾ ਦਾ ਸਾਹਮਣਾ ਨਾ ਕਰਨਾ ਪਵੇ। ਖਰਾਬ ਮੌਸਮ ਨੇ ਵਧਾਈ ਚਿੰਤਾ ਪਰਮਜੀਤ ਸਿੰਘ ਔਲਖ ਨੇ ਦੱਸਿਆ ਕਿ ਮੈਂ ਖੇਤੀ ਦੇ ਨਾਲ ਪੈਸਟੀਸਾਈਡ ਦੀ ਦੁਕਾਨ ਵੀ ਕਰਦਾ ਹਾਂ ਅਤੇ ਲੋਕਾਂ ਵੱਲ ਮੇਰਾ ਕਾਫੀ ਬਕਾਇਆ ਖੜਾ ਹੈ ਜਦ ਵੀ ਮੌਸਮ ਖਰਾਬ ਹੁੰਦਾ ਹੈ ਤਾਂ ਮੈਨੂੰ ਆਪਣੀ ਫਸਲ ਨਾਲੋਂ ਦੂਜੇ ਕਿਸਾਨਾਂ ਦੀ ਫਸਲ ਦੀ ਜਿਆਦਾ ਚਿੰਤਾ ਹੁੰਦੀ ਹੈ ਕਿਉਂਕਿ ਕਿਸਾਨ ਮੇਰੇ ਪੈਸੇ ਕਿੱਥੋਂ ਦੇਣਗੇ ਅਤੇ ਮੈਂ ਕਿਸੇ ਨੂੰ ਮਜਬੂਰ ਵੀ ਨਹੀਂ ਕਰ ਸਕਦਾ ਅਤੇ ਅੱਗੇ ਝੋਨੇ ਵਾਸਤੇ ਵੀ ਮੈਨੂੰ ਸਪਰੇ ਦੇਣੀ ਪਵੇਗੀ ਮੇਰਾ ਦਾਰੋ ਮਦਾਰ ਆਪਣੀ ਫਸਲ ਅਤੇ ਦੂਜੇ ਕਿਸਾਨਾਂ ਦੀ ਫਸਲ ’ਤੇ ਹੀ ਨਿਰਭਰ ਕਰਦਾ ਹੈ।