ਨਾਰੀ ਸ਼ਕਤੀ ਦਾ ਉਦੇਸ਼ ਸੁੰਦਰ ਧਰਤੀ ਦੀ ਸਿਰਜਣਾ
ਨਾਰੀ ਸ਼ਕਤੀ ਦਾ ਉਦੇਸ਼ ਸੁੰਦਰ ਧਰਤੀ ਦੀ ਸਿਰਜਣਾ
Publish Date: Sun, 08 Mar 2026 03:21 PM (IST)
Updated Date: Sun, 08 Mar 2026 03:24 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਵਿਸ਼ਵ ਮਹਿਲਾ ਦਿਵਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਨਿਰੰਕਾਰੀ ਮਹਿਲਾ ਸਮਾਗਮ ਦਾ ਆਯੋਜਨ ਗਿੱਦੜਬਾਹਾ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸੈਂਕੜੇ ਸ਼ਰਧਾਲੂ ਮਹਿਲਾਵਾਂ ਵੱਲੋਂ ਸ਼ਮੂਲੀਅਤ ਕੀਤੀ। ਇਸ ਮੌਕੇ ਮਹਿਲਾਵਾਂ ਵੱਲੋਂ ਭਗਤੀ ਭਾਵ ਦੇ ਅਧਾਰਿਤ ਵਿਖਿਆਨ, ਗੀਤ ਅਤੇ ਕਵਿਤਾਵਾਂ ਰਾਹੀਂ ਆਪਣੇ ਭਾਵਾਂ ਨੂੰ ਹਾਜਰੀਨ ਨਾਲ ਸਾਂਝਾ ਕੀਤਾ। ਇਸ ਸਤਿਸੰਗ ਸਮਾਰੋਹ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼ ਦੇਣ ਕੋਟਕਪੂਰਾ ਤੋਂ ਪਹੁੰਚੇ ਭੈਣ ਅੰਮ੍ਰਿਤ ਕੌਰ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਧਰਤੀ ਦੀ ਸੁੰਦਰਤਾ ਕੇਵਲ ਸੋਹਣੇ ਬਾਗਾਂ ਨਾਲ ਜਾਂ ਸੋਹਣੇ ਸ਼ਹਿਰ ਬਣਾਉਣ ਨਾਲ ਨਹੀਂ ਹੁੰਦੀ। ਇਸਦੀ ਜਿੰਮੇਵਾਰੀ ਸਿਰਫ ਔਰਤ ਦੇ ਹਿੱਸੇ ਆਈ ਹੈ। ਔਰਤ ਨੂੰ ਹੀ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਦੇ ਲਈ ਚੁਣਿਆ ਹੈ। ਜਿਸ ਤਰ੍ਹਾਂ ਧਰਤੀ ਦਾ ਗੁਣ ਸਹਿਣਸ਼ੀਲਤਾ ਹੈ, ਉਸ ਤਰ੍ਹਾਂ ਹੀ ਪ੍ਰਮਾਤਮਾ ਨੇ ਨਾਰੀ ਨੂੰ ਸਹਿਣ ਕਰਨ ਦੀ ਸਮਰਥਾ, ਕਰੁਣਾ ਅਤੇ ਨਿਮਰਤਾ ਵਰਗੇ ਭਾਵਾਂ ਨਾਲ ਨਿਵਾਜ਼ਿਆ ਹੈ। ਅਗਰ ਇਸ ਦੁਨੀਆਂ ਤੇ ਵੱਸ ਰਹੀ ਹਰ ਨਾਰੀ ਇੱਕ ਚੰਗੀ ਧੀ, ਮਾਂ ਅਤੇ ਪਤਨੀ ਬਣਨਾ ਚਾਹੁੰਦੀ ਹੈ ਤਾਂ ਉਸਦੇ ਲਈ ਭਗਤੀ ਹੀ ਇੱਕ ਮਾਤਰ ਸਾਧਨ ਹੈ। ਇਸ ਸਮਾਗਮ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਗਿੱਦੜਬਾਹਾ ਦੇ ਮੁਖੀ ਦਲਬੀਰ ਸਿੰਘ ਨੇ ਮਹਿਲਾ ਸਮਾਗਮ ਵਿੱਚ ਪਹੁੰਚੀਆਂ ਮਹਿਲਾ ਸ਼ਰਧਾਲੂਆਂ ਅਤੇ ਹੋਰਨਾ ਦਾ ਧੰਨਵਾਦ ਕੀਤਾ।