ਗਰੀਬਾਂ ਦੇ ਮਸੀਹਾਂ ਸਨ ਚਾਦਰੇ ਵਾਲੇ ਐੱਮਐੱਲਏ ਹਰਚੰਦ ਸਿੰਘ ਤੇ ਗੁਰਰਾਜ ਸਿੰਘ ਫੱਤਣਵਾਲਾ
ਗਰੀਬਾਂ ਦੇ ਮਸੀਹਾਂ ਸਨ ਚਾਦਰੇ ਵਾਲੇ ਐਮਐਲਏ ਹਰਚੰਦ ਸਿੰਘ ਤੇ ਗੁਰਰਾਜ ਸਿੰਘ ਫੱਤਣਵਾਲਾ
Publish Date: Mon, 09 Feb 2026 06:39 PM (IST)
Updated Date: Mon, 09 Feb 2026 06:41 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਚਾਦਰੇ ਵਾਲੇ ਜੱਟ ਦੇ ਨਾਂਅ ਨਾਲ ਮਸ਼ਹੂਰ ਹੋਏ ਸਾਬਕਾ ਐਮਐਲਏ ਹਰਚੰਦ ਸਿੰਘ ਫ਼ੱਤਣਵਾਲਾ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਫੱਤਣਵਾਲਾ ਵਿਖੇ ਸੰਨ 1918 ਵਿਚ ਭਾਗ ਸਿੰਘ ਬਰਾੜ ਦੇ ਘਰ ਹੋਇਆ। ਹਰਚੰਦ ਸਿੰਘ ਬਰਾੜ 6 ਵਾਰ ਪਿੰਡ ਦੇ ਸਰਪੰਚ ਬਣੇ। ਸੰਨ 1956 ਵਿਚ ਉਹ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ। ਉਹ ਸ਼ੋ੍ਮਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਜੈਕਟਿਵ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹੇ, 1972 ਵਿਚ ਬਲਾਕ ਸੰਮਤੀ ਚੇਅਰਮੈਨ ਬਣੇ। ਸੰਨ 1980 ਵਿਚ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਹਰਚਰਨ ਸਿੰਘ ਬਰਾੜ ਸਰਾਏਨਾਗਾ ਨੂੰ ਹਰਾਇਆ ਤੇ ਸ਼ੋ੍ਮਣੀ ਅਕਾਲੀ ਦਲ ਵਲੋਂ ਵਿਧਾਇਕ ਬਣੇ। ਉਹ ਵਿਧਾਨ ਸਭਾ ਵਿਚ ਵੀ ਰਿਵਾਇਤੀ ਚਾਦਰਾ ਕੁੜਤਾ ਪਾ ਕੇ ਹੀ ਜਾਂਦੇ ਸਨ। ਹਰਚੰਦ ਸਿੰਘ ਫ਼ੱਤਣਵਾਲਾ ਦੇ ਸਪੁੱਤਰ ਸਵ. ਹਰਪਾਲ ਸਿੰਘ ਦੇ ਪਰਿਵਾਰਕ ਮੈਂਬਰ ਇੰਗਲੈਂਡ ਵਿਖੇ ਰਹਿੰਦੇ ਹਨ, ਜਦਕਿ ਗੁਰਰਾਜ ਸਿੰਘ ਬਰਾੜ (ਰਾਜਾ ਫ਼ੱਤਣਵਾਲਾ) ਰਾਜਨੀਤੀ ਵਿਚ ਸਰਗਰਮ ਰਹੇ। ਗੁਰਰਾਜ ਸਿੰਘ ਫ਼ੱਤਣਵਾਲਾ ਦਾ ਜਨਮ 31 ਮਾਰਚ 1944 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਪੱਕਾ ਕਾਲੇ ਵਾਲਾ ਵਿਖੇ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਖ਼ਾਲਸਾ ਹਾਈ ਸਕੂਲ ਸ੍ਰੀ ਮੁਕਤਸਰ ਸਾਹਿਬ ਤੇ ਊਚ ਸਿੱਖਿਆ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਉਹ ਸ਼ੋ੍ਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਵਿਚ ਚੰਗਾ ਅਸਰ ਰਸੂਖ਼ ਰੱਖਦੇ ਹਨ। ਮਨਜੀਤ ਸਿੰਘ ਫ਼ੱਤਣਵਾਲਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਫ਼ਰੀਦਕੋਟ ਤੇ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਆਗੂਆਂ ਵਿਚੋਂ ਇਕ ਹਨ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਪਰਿਵਾਰ ਦੇ ਦੋਹਤੇ ਹਨ। ਹਰਚੰਦ ਸਿੰਘ ਫ਼ੱਤਣਵਾਲਾ ਦੀ 40ਵੀਂ ਅਤੇ ਗੁਰਰਾਜ ਸਿੰਘ ਫ਼ੱਤਣਵਾਲਾ ਦੀ ਪੰਜਵੀਂ ਬਰਸੀ 10 ਫਰਵਰੀ ਦਿਨ ਮੰਗਲਵਾਰ ਨੂੰ ਫ਼ੱਤਣਵਾਲਾ ਪਰਿਵਾਰ ਵਲੋਂ ਫ਼ੱਤਣਵਾਲਾ ਨਿਵਾਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ।