ਕੇਂਦਰ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ : ਨੇਤਾ ਕੋਟਭਾਈ
ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਨੀਤੀਆਂ ਤੇ ਕਾਨੂੰਨ ਲੋਕ ਵਿਰੋਧੀ ਹਨ : ਨੇਤਾ ਕੋਟਭਾਈ
Publish Date: Tue, 20 Jan 2026 04:01 PM (IST)
Updated Date: Tue, 20 Jan 2026 04:03 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੀ ਗਿੱਦੜਬਾਹਾ ਵਿਖੇ ਮੀਟਿੰਗ ਹੋਈ। ਮੀਟਿੰਗ ’ਚ ਕਿਸਾਨ ਮਜ਼ਦੂਰ ਦੀਆਂ ਮੁਸ਼ਕਲਾਂ ਸਬੰਧੀ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਉਪਰੰਤ ਕੁਲਦੀਪ ਸਿੰਘ ਨੇਤਾ ਕੋਟਭਾਈ ਯੂਥ ਪ੍ਰਧਾਨ ਪੰਜਾਬ ਅਤੇ ਨਾਨਕ ਸਿੰਘ ਫਕਰਸਰ ਸੂਬਾ ਮੀਤ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਨਵੀਆਂ ਨੀਤੀਆਂ ਤੇ ਕਾਨੂੰਨ ਲੋਕ ਵਿਰੋਧੀ ਹਨ, ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਲੁੱਟ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਜਥੇਬੰਦੀ ਇਸਦਾ ਡਟ ਕੇ ਵਿਰੋਧ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਰੋਜ਼ਗਾਰ ਮਨਰੇਗਾ ਤੇ ਡਾਕਾ ਮਾਰ ਕੇ ਜੈ ਰਾਮ ਜੀ ਬਿੱਲ ਲਿਆ ਕੇ ਆਮ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਉਹ ਪੰਜਾਬ ’ਚ ਸਰਕਾਰ ਬਣਾਵੇਗੀ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਕਿਸਾਨ ਮਜ਼ਦੂਰ ਕਦੇ ਵੀ ਭਾਜਪਾ ਦੇ ਹੱਕ ’ਚ ਨਹੀਂ ਜਾਣਗੇ। ਉਨਾਂ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਲਈ ਇੱਕ ਪਲੇਟਫਾਰਮ ਤੇ ਲਾਮਬੰਦ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਧੱਕੇ ਦਾ ਡੱਟ ਕੇ ਵਿਰੋਧ ਕੀਤਾ ਜਾ ਸਕੇ। ਇਸ ਮੌਕੇ ਗਗਨਦੀਪ ਸਿੰਘ ਯੂਥ ਪ੍ਰਧਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਗੋਰਾ ਸਿੰਘ ਜਿਲਾ ਜਰਨਲ ਸਕੱਤਰ, ਕਰਨੈਲ ਸਿੰਘ ਮਾਨ ਕੋਟਭਾਈ, ਜਲੌਰ ਸਿੰਘ ਨੀਲਾ ਬਲਾਕ ਜਰਨਲ ਸਕੱਤਰ, ਰਾਜਾ ਬਰਾੜ ਕੋਟ ਭਾਈ, ਬਿੱਟੂ ਫਕਰਸਰ, ਗੁਰਦੀਪ ਸਿੰਘ ਢਿੱਲੋਂ, ਓਂਕਾਰ ਸਿੰਘ ਬਰਾੜ, ਰਛਪਾਲ ਸਿੰਘ ਸੰਧੂ ਕਿਸਾਨ ਆਗੂ ਤੋਂ ਇਲਾਵਾ ਕਿਸਾਨ ਮਜ਼ਦੂਰ ਹਾਜ਼ਰ ਸਨ।