ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਦੀ ਬਦਹਾਲੀ: ਤਰਲੇ ਲੈਣ ਦੇ ਬਾਵਜੂਦ ਹੱਥ ਰਹਿ ਜਾਂਦੇ ਨੇ ਖਾਲੀ
ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਦੀ ਬਦਹਾਲੀ: ਤਰਲੇ ਲੈਣ ਦੇ ਬਾਵਜੂਦ ਹੱਥ ਰਹਿ ਜਾਂਦੇ ਨੇ ਖਾਲੀ
Publish Date: Sun, 07 Jun 2026 07:07 PM (IST)
Updated Date: Sun, 07 Jun 2026 07:08 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਕਿਸਾਨ ਅੱਜ-ਕੱਲ੍ਹ ਬਹੁਤ ਹੀ ਦੁਖਦਾਈ ਅਤੇ ਨਿਰਾਸ਼ਾਜਨਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਕੁਦਰਤ ਦੀ ਮਾਰ, ਮਾੜੇ ਪ੍ਰਬੰਧਾਂ ਅਤੇ ਸਰਕਾਰਾਂ ਦੀ ਬੇਰੁਖੀ ਕਾਰਨ ਅੰਨਦਾਤਾ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਜ਼ਿਲ੍ਹੇ ਵਿੱਚ ਧਰਤੀ ਹੇਠਲਾ ਪਾਣੀ ਖਾਰਾ ਅਤੇ ਮਾੜਾ ਹੋਣ ਕਾਰਨ ਜਿੱਥੇ ਝੋਨੇ ਦੀ ਪੈਦਾਵਾਰ ਘਟ ਕੇ ਮਹਿਜ਼ 20 ਕੁਇੰਟਲ ਪ੍ਰਤੀ ਏਕੜ ਰਹਿ ਗਈ ਹੈ, ਉੱਥੇ ਹੀ ਖਰਚੇ ਅਸਮਾਨੀਂ ਚੜ੍ਹ ਗਏ ਹਨ। ਦੂਜੇ ਪਾਸੇ, ਮਾਲਵੇ ਦੇ ਕਿਸਾਨਾਂ ਦੀ ਮੁੱਖ ਫਸਲ ਨਰਮਾ ਨਕਲੀ ਖਾਦਾਂ, ਨਕਲੀ ਕੀਟਨਾਸ਼ਕਾਂ, ਬੇਮੌਸਮੀ ਬਰਸਾਤ, ਨਹਿਰੀ ਪਾਣੀ ਦੀ ਘਾਟ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਬਰਬਾਦੀ ਦੇ ਕੰਢੇ ਪਹੁੰਚ ਚੁੱਕੀ ਹੈ। ਫਸਲੀ ਚੱਕਰ ਦੇ ਅਸਫਲ ਪ੍ਰਯੋਗ ਤੇ ਵਾਅਦਾਖਿਲਾਫੀ ਪੰਨੀ ਵਾਲਾ ਫੱਤਾ (ਤਹਿਸੀਲ ਮਲੋਟ) ਦੇ ਕਿਸਾਨ ਸੁਖਚੈਨ ਸਿੰਘ ਜਟਾਣਾ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਉਹ ਕੋਈ ਹੋਰ ਫਸਲ ਬੀਜਣ ਤੋਂ ਅਸਮਰੱਥ ਹਨ ਕਿਉਂਕਿ ਹੋਰਾਂ ਫਸਲਾਂ ਤੇ ਐਮਐਸਪੀ ਦੀ ਕੋਈ ਗਰੰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਮੌਸਮ ਦੀ ਖਰਾਬੀ ਅਤੇ ਸੇਮ ਕਾਰਨ ਨਰਮੇ ਦੀ ਫਸਲ ਸੁੱਕ ਕੇ ਬਰਬਾਦ ਹੋ ਰਹੀ ਹੈ। ਇਸ ਵਾਰ ਉਨ੍ਹਾਂ ਨੇ ਨਰਮੇ ਵਿੱਚ ਮੂੰਗੀ ਰਲਾ ਕੇ (ਮਿਕਸ ਖੇਤੀ) ਬੀਜੀ ਹੈ ਤਾਂ ਜੋ ਕੋਈ ਇੱਕ ਫਸਲ ਤਾਂ ਨੇਪਰੇ ਚੜ੍ਹ ਸਕੇ। ਪਿੰਡ ਚੰਨੂ ਦੇ ਕਿਸਾਨ ਲਖਵਿੰਦਰ ਸਿੰਘ ਨੇ ਸਰਕਾਰ ਦੀ ਵਾਅਦਾਖਿਲਾਫੀ ਤੇ ਰੋਸ ਜਤਾਉਂਦਿਆਂ ਕਿਹਾ ਕਿ ਸਰਕਾਰ ਨੇ 7,375 ਰੁਪਏ ਪ੍ਰਤੀ ਕੁਇੰਟਲ ਮੂੰਗੀ ਖਰੀਦਣ ਦਾ ਵਾਅਦਾ ਕੀਤਾ ਸੀ, ਪਰ ਐਨ ਮੌਕੇ ਤੇ ਮੁਕਰ ਜਾਣ ਕਾਰਨ ਕਿਸਾਨਾਂ ਨੂੰ ਮੂੰਗੀ 3,000 ਰੁਪਏ ਪ੍ਰਤੀ ਕੁਇੰਟਲ ਦੇ ਮੰਦੇ ਭਾਅ ਵੇਚਣੀ ਪਈ। ਮੱਕੀ ਦੀ ਖੇਤੀ ਵੀ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋਈ ਹੈ। ਮਾੜੇ ਪਾਣੀ ਤੇ ਬੇਮੌਸਮੀ ਬਾਰਿਸ਼ ਕਾਰਨ ਝੋਨਾ ਅਤੇ ਕਣਕ ਦੀ ਫਸਲ ਬਰਬਾਦ ਉੱਘੇ ਕਿਸਾਨ ਆਗੂ ਅਤੇ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਚਰਨਦੀਪ ਸਿੰਘ ਬਾਮ ਨੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਮਾੜੇ ਪਾਣੀ ਅਤੇ ਬੇਮੌਸਮੀ ਬਾਰਿਸ਼ ਕਾਰਨ ਝੋਨਾ ਅਤੇ ਕਣਕ ਦੀ ਫਸਲ ਬਰਬਾਦ ਹੋ ਗਈ, ਪਰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਖੇਤੀਬਾੜੀ ਵਿਭਾਗ ਸਿਰਫ਼ ਤਨਖਾਹਾਂ ਲੈਣ ਤੱਕ ਸੀਮਤ ਹੈ ਅਤੇ ਖਾਦਾਂ-ਕੀਟਨਾਸ਼ਕਾਂ ਵਾਲਿਆਂ ਤੋਂ ਮੋਟਾ ਕਮਿਸ਼ਨ ਵਸੂਲਿਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਰਮੇ ਦੀਆਂ ਅਜਿਹੀਆਂ ਨਵੀਆਂ ਕਿਸਮਾਂ ਅਤੇ ਚੰਗੇ ਬੀਜ ਮੁਹੱਈਆ ਕਰਵਾਏ ਜਿਨ੍ਹਾਂ ਤੇ ਬੀਮਾਰੀ ਅਤੇ ਮੌਸਮ ਦਾ ਅਸਰ ਨਾ ਹੋਵੇ। ਸੇਮ ਤੇ ਰਿਸ਼ਵਤਖੋਰੀ ਨੇ ਲੱਕ ਤੋੜਿਆ ਕਿਸਾਨ ਆਗੂ ਭਗਵੰਤ ਸਿੰਘ ਮਿੱਡਾ ਨੇ ਦੱਸਿਆ ਕਿ ਪਿੰਡ ਮਿੱਡਾ ਵਿੱਚ ਸੇਮ ਜ਼ਿਆਦਾ ਹੋਣ ਅਤੇ ਡਰੇਨ ਓਵਰਫਲੋ ਹੋਣ ਕਾਰਨ ਸਬਜ਼ੀਆਂ ਦੀ ਖੇਤੀ ਪੂਰੀ ਤਰ੍ਹਾਂ ਤਬਾਹ ਹੋ ਜਾਂਦੀ ਹੈ। ਦੁੱਧ ਦੇ ਸਹੀ ਰੇਟ ਨਾ ਮਿਲਣ ਕਾਰਨ ਡੇਅਰੀ ਦਾ ਧੰਦਾ ਵੀ ਚੌਪਟ ਹੋ ਚੁੱਕਾ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਖਰੀਦਦਾਰਾਂ ਵੱਲੋਂ ਕਾਟੇ ਲਗਾਏ ਜਾਂਦੇ ਹਨ ਅਤੇ ਸਰਕਾਰੀ ਐਜੰਸੀਆਂ ਵਾਲੇ ਪ੍ਰਤੀ ਗੱਟਾ ਰਿਸ਼ਵਤ ਦੀ ਮੰਗ ਕਰਦੇ ਹਨ, ਪਰ ਪ੍ਰਸ਼ਾਸਨ ਖਾਮੋਸ਼ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਤੁਰੰਤ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ। ਸਾਉਣੀ ਦੀਆਂ ਹੋਰਾਂ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। ਮੰਡੀਆਂ ’ਚ ਹੁੰਦੀ ਲੁੱਟ-ਖਸੁੱਟ ਅਤੇ ਰਿਸ਼ਵਤਖੋਰੀ ਨੂੰ ਨੱਥ ਪਾਈ ਜਾਵੇ। ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਉਨ੍ਹਾਂ ਦੇ ਆਪਣੇ ਹਲਕੇ ਦੇ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ ਜਦੋਂ ਇਸ ਸਬੰਧੀ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਰੁਝੇਵਿਆਂ ਕਾਰਨ ਸੰਪਰਕ ਨਹੀਂ ਹੋ ਸਕਿਆ।