ਕਣਕ ਤੇ ਸਰ੍ਹੋਂ ਦੀ ਆਮਦ ਸਿਰ ’ਤੇ, ਮੰਡੀ ’ਚ ਨਜਾਇਜ਼ ਕਬਜ਼ਿਆਂ ਦੀ ਭਰਮਾਰ, ਪ੍ਰਸ਼ਾਸਨ ਨੇ ਧਾਰੀ ਚੁੱਪ
ਮੰਡੀ ਬਰੀਵਾਲਾ ਦੇ ਮਾਰਕਿਟ ਕੇਮਟੀ ਸਕੱਤਰ ਨੂੰ ਨਹੀਂ ਦਿਸ ਰਹੇ ਮੰਡੀ ’ਚ ਲੱਗੇ ਗੰਦਗੀ ਦੇ ਢੇਰ ਤੇ ਦੂਸ਼ਿਤ ਪਾਣੀ
Publish Date: Thu, 02 Apr 2026 05:07 PM (IST)
Updated Date: Fri, 03 Apr 2026 04:10 AM (IST)
-ਸਫ਼ਾਈ ਪੱਖੋਂ ਬੁਰਾ ਹਾਲ, ਸਰਕਾਰ ਦੇ ਸੁਚੱਜੇ ਪ੍ਰਬੰਧਾਂ ਦੇ ਦਾਅਵਿਆਂ ਦੀ ਨਿੱਕਲੀ ਹਵਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਪੰਜਾਬ ਸਰਕਾਰ ਵੱਲੋਂ ਮੰਡੀਆਂ ’ਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਭਰ ਦੀਆਂ ਮੰਡੀਆਂ ’ਚ ਸਫ਼ਾਈ ਪੱਖੋਂ ਬੁਰਾ ਹਾਲ ਹੈ। ਪ੍ਰਸ਼ਾਸਨ ਵੱਲੋਂ ਨਾ ਬਿਜਲੀ, ਨਾ ਪਾਣੀ ਤੇ ਨਾ ਹੀ ਅਜੇ ਤੱਕ ਪਖਾਨਿਆਂ ਦੀ ਸਫ਼ਾਈ ਜਾਂ ਆਰਜੀ ਪਖਾਨਿਆਂ ਦਾ ਕੋਈ ਪ੍ਰਬੰਧ ਕੀਤਾ ਹੈ। ਜਦਕਿ ਮੰਡੀਆਂ ’ਚ ਸਰ੍ਹੋਂ ਦੀ ਫ਼ਸਲ ਆਉਣੀ ਸ਼ੁਰੂ ਗਈ ਹੈ ਤੇ ਹੋਰ ਦੋ-ਚਾਰ ਦਿਨਾਂ ਤੱਕ ਕਣਕ ਵੀ ਆਉਣੀ ਸ਼ੁਰੂ ਹੋ ਜਾਵੇਗੀ। ਇੱਥੋਂ ਤੱਕ ਕਿ ਕਈ ਮੰਡੀਆਂ ’ਚ ਰੇਤਾ ਬੱਜਰੀ ਵਾਲੇ, ਸਬਜ਼ੀ ਵਿਕਰੇਤਾ ਅਤੇ ਰੇਹੜੀਆਂ ਵਾਲੇ ਕਾਬਜ਼ ਹਨ ਪਰ ਇਸ ਪਾਸੇ ਪ੍ਰਸ਼ਾਸਨ ਨੇ ਬਿਲਕੁੱਲ ਚੁੱਪ ਧਾਰੀ ਹੋਈ ਹੈ ਜੋਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਕਥਿਤ ‘ਮਿਲੀਭੁਗਤ’ ਵੱਲ ਇਸ਼ਾਰਾ ਕਰਦੀ ਹੈ।
ਇਹੀ ਹਾਲ ਅਨਾਜ਼ ਮੰਡੀ ਬਰੀਵਾਲਾ ਦਾ ਹੈ ਜਿੱਥੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਮੰਡੀਆਂ ’ਚ ਸੀਵਰੇਜ਼ ਦਾ ਪਾਣੀ ਖੜ੍ਹਾ। ਇਸਤੋਂ ਇਲਾਵਾ ਵੱਡੀ ਗਿਣਤੀ ’ਚ ਰੇਹੜੀਆਂ ਵਾਲੇ ਸਬਜ਼ੀ ਵਿਕਰੇਤਾ ਅਤੇ ਹੋਰ ਸਮਾਨ ਵੇਚਣ ਵਾਲੇ ਕਾਬਜ਼ ਹਨ। ਮੰਡੀ ’ਚ ਬਣੇ ਪਖਾਨਿਆਂ ਦਾ ਵੀ ਸਫ਼ਾਈ ਪੱਖੋਂ ਬਹੁਤ ਜਿਆਦਾ ਬੁਰਾ ਹਾਲ ਹੈ, ਉਥੇ ਅੰਦਰ ਜਾਣਾ ਤਾਂ ਦੂਰ ਨੇੜਿਓਂ ਲੰਘਣਾ ਵੀ ਮੁਸ਼ਕਲ ਹੈ। ਪਾਣੀ ਵਾਲੀਆਂ ਟੁੱਟੀਆਂ ’ਚੋਂ ਲੀਕਿੰਗ ਹੋ ਰਹੀ ਹੈ। ਪਾਖ਼ਨਿਆਂ ਅੰਦਰ ਸਫਾਈ ਦਾ ਮਾੜਾ ਹਾਲ ਹੈ। ਓਧਰ ਅਨਾਜ਼ ਮੰਡੀ ਬਰੀਵਾਲਾ ਨਾਲ ਜੁੜੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀ ’ਚ ਸਫ਼ਾਈ ਕੀਤੀ ਜਾਵੇ, ਨਜਾਇਜ਼ ਕਬਜ਼ੇ ਹਟਾਏ ਜਾਣ, ਪਖਾਨਿਆਂ ਨੂੰ ਦਰੁੱਸਤ ਕਰਕੇ ਚਾਲੂ ਹਾਲਤ ’ਚ ਕੀਤਾ ਜਾਵੇ ਅਤੇ ਮੰਡੀ ’ਚ ਖੜ੍ਹਦੇ ਸਬਜ਼ੀ ਵਿਰਕੇਤਾ ਤੇ ਹੋਰ ਰੇਹੜੀਆਂ ਵਾਲਿਆਂ ਨੂੰ ਵੀ ਹਟਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਜਦੋਂ ਇਸ ਸਬੰਧੀ ਮਾਰਕਿਟ ਕਮੇਟੀ ਬਰੀਵਾਲਾ ਦੇ ਸਕੱਤਰ ਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਮੁਨਕਰ ਹੁੰਦਿਆਂ ਕਿਹਾ ਕਿ ਮੰਡੀ ਵਿੱਚ ਕਿਤੇ ਵੀ ਗੰਦਗੀ ਜਾਂ ਪਾਣੀ ਨਹੀਂ ਖੜ੍ਹਾ ਹੈ। ਹਾਲਾਂਕਿ, ਬਾਅਦ ’ਚ ਆਪਣਾ ਪੱਲੜਾ ਝਾੜਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਅਜਿਹੀ ਸਮੱਸਿਆ ਹੈ ਤਾਂ ਉਹ ਸਫ਼ਾਈ ਕਰਵਾ ਦੇਣਗੇ। ਅਧਿਕਾਰੀ ਦਾ ਇਹ ਗੈਰ-ਜ਼ਿੰਮੇਵਾਰਾਨਾ ਬਿਆਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲੀਆ ਚਿੰਨ੍ਹ ਲਗਾ ਰਿਹਾ ਹੈ।