ਲੰਘ ਗਿਆ ਸਾਰਾ ਮੇਲਾ, ਗੇਟਾਂ ’ਤੇ ਨਹੀਂ ਲੱਗਿਆ ਧੇਲਾ : ਢੋਸੀਵਾਲ
ਲੰਘ ਗਿਆ ਸਾਰਾ ਮੇਲਾ, ਗੇਟਾਂ ’ਤੇ ਨਹੀਂ ਲੱਗਿਆ ਧੇਲਾ : ਢੋਸੀਵਾਲ
Publish Date: Sat, 24 Jan 2026 03:58 PM (IST)
Updated Date: Sat, 24 Jan 2026 04:01 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਸ਼ਹਿਰ ਦੀਆਂ ਮੇਨ ਐਂਟਰੀ ਵਾਲੀਆਂ ਸੜਕਾਂ ਉਪਰ ਯਾਦਗਾਰੀ ਗੇਟ ਬਣਵਾਏ ਹੋਏ ਹਨ। ਇਨ੍ਹਾਂ ਵਿੱਚੋਂ ਸਫ਼ੈਦ ਰੰਗ ਵਾਲੇ ਗੇਟ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਲਾਲ ਰੰਗ ਵਾਲੇ ਗੇਟ ਪੰਜਾਬ ਸਰਕਾਰ ਵੱਲੋਂ ਬਣਵਾਏ ਗਏ ਹਨ। ਸ਼ੋ੍ਮਣੀ ਕਮੇਟੀ ਵੱਲੋਂ ਬਣਵਾਏ ਗਏ ਗੇਟਾਂ ਦੀ ਹਾਲਤ ਤਾਂ ਬਹੁਤ ਵਧੀਆ ਹੈ, ਪਰੰਤੂ ਲਾਲ ਰੰਗ ਵਾਲੇ ਸਾਰੇ ਸਰਕਾਰੀ ਗੇਟਾਂ ਦੀ ਹਾਲਤ ਬੇਹੱਦ ਖਸਤਾ ਅਤੇ ਪ੍ਰਸ਼ਾਸ਼ਨਿਕ ਲਾਪ੍ਰਵਾਹੀ ਅਤੇ ਅਣਦੇਖੀ ਦਾ ਜਿਊਂਦਾ ਜਾਗਦਾ ਸਬੂਤ ਹਨ। ਮੁਕਤਸਰ ਵਿਕਾਸ ਮਿਸ਼ਨ ਨੇ ਇਨ੍ਹਾਂ ਗੇਟਾਂ ਦੀ ਹਾਲਤ ਸੁਧਾਰਨ ਲਈ ਕਈ ਵਾਰ ਜਿਲ੍ਹਾ ਪ੍ਰਸ਼ਾਸਨ ਨਾਲ ਮੁਲਾਕਾਤ ਕਰਕੇ ਲਿਖਤੀ ਬੇਨਤੀ ਕੀਤੀ ਸੀ। ਹੋਰ ਵੀ ਕਈ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਸੂਝਵਾਨ ਵਿਅਕਤੀਆਂ ਨੇ ਇਹ ਮਾਮਲਾ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ, ਪਰੰਤੂ ਕਿਧਰੇ ਕੋਈ ਸੁਣਵਾਈ ਨਹੀਂ ਹੋਈ। ਇਸ ਵਾਰ ਮੇਲੇ ’ਤੇ ਆਮ ਆਦਮੀ ਪਾਰਟੀ ਵੱਲੋਂ ਰਾਜਨੀਤਕ ਕਾਨਫਰੰਸ ਕੀਤੀ ਗਈ ਸੀ। ਪਰੰਤੂ ਬਦਕਿਸਮਤੀ ਨਾਲ ਇਨ੍ਹਾਂ ਗੇਟਾਂ ਵਿੱਚ ਨਾ ਤਾਂ ਮੁੱਖ ਮੰਤਰੀ, ਨਾ ਹੀ ਕਿਸੇ ਹੋਰ ਮੰਤਰੀ ਜਾਂ ਸਿਵਲ ਪ੍ਰਸ਼ਾਸਨ ਦਾ ਧਿਆਨ ਗਿਆ। ਪ੍ਰਧਾਨ ਢੋਸੀਵਾਲ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਐੱਮ.ਐੱਲ.ਏ. ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਐਂਟਰੀ ਵਾਲੀਆਂ ਸਾਰੀਆਂ ਸੜਕਾਂ ਉਪਰ ਲਾਲ ਰੰਗ ਵਾਲੇ ਸਰਕਾਰੀ ਯਾਦਗਾਰੀ ਗੇਟਾਂ ਦੀ ਸਾਰ ਲਈ ਜਾਵੇ ਅਤੇ ਇਨ੍ਹਾਂ ਦੀ ਹਾਲਤ ਤੁਰੰਤ ਸੁਧਾਰੀ ਜਾਵੇ।