ਪੁਸਤਕਾਂ ਤੋਂ ਦੂਰੀ ਮਾਨਸਿਕ ਰੋਗਾਂ ਨੂੰ ਬੁਲਾਵਾ : ਲੱਖੇਵਾਲੀ
ਸਮਾਜ ਤੇ ਦੇਸ਼ ਨੂੰ ਸੋਹਣਾ, ਸੁਖਾਵਾਂ ਬਣਾਉਣ ਦਾ ਸੁਪਨਾ ਪੁਸਤਕਾਂ ਦੀ ਦੇਣ
Publish Date: Fri, 24 Apr 2026 05:06 PM (IST)
Updated Date: Fri, 24 Apr 2026 05:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੁਸਤਕਾਂ ਦੇ ਸਾਥ ਤੋਂ ਬਿਨਾਂ ਜ਼ਿੰਦਗੀ ਗਿਆਨ, ਚੇਤਨਾ ਸੁਹਜ, ਸਬਰ ਤੇ ਸਹਿਲਸ਼ੀਲਤਾ ਜਿਹੇ ਬੇਸ਼ਕੀਮਤੀ ਗੁਣਾਂ ਤੋਂ ਸੱਖਣੀ ਰਹਿ ਜਾਂਦੀ ਹੈ। ਜਿਸ ਸਦਕਾ ਮਨੁੱਖ ਦੀ ਸਖਸ਼ੀਅਤ ਲੋਭ ਲਾਲਚ, ਗਰਜ ਤੇ ਹਉਮੈਂ ਵੱਲ ਸਹਿਜੇ ਹੀ ਉਲਾਰ ਹੋਣ ਲਗਦੀ ਹੈ। ਇਨ੍ਹਾਂ ਵਿਚਾਰ ਪ੍ਰਗਟ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਹਿਤ ਵਿਭਾਗ ਦੇ ਸੂਬਾਈ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਪੁਸਤਕਾਂ ਨੂੰ ਮਨੁੱਖ ਦਾ ਸੱਚਾ ਦੋਸਤ ਦੱਸਿਆ। ਉਨ੍ਹਾਂ ਸੁਸਾਇਟੀ ਦੇ 40 ਸਾਲਾਂ ਦੇ ਸਫ਼ਰ ਦੌਰਾਨ ਵਿਗਿਆਨਕ ਚੇਤਨਾ ਲਈ ਪੁਸਤਕਾਂ ਵੱਲੋਂ ਨਿਭਾਈ ਚਾਨਣ ਵਰਗੀ ਭੂਮਿਕਾ ਨੂੰ ਇੱਕ ਮੀਲ ਪੱਥਰ ਦੱਸਿਆ। ਉਨ੍ਹਾਂ ਆਖਿਆ ਕਿ ਡਾ. ਅਬਰਾਹਮ ਟੀ. ਕਾਵੂਰ ਦੀ ਅੰਗਰੇਜ਼ੀ ਪੁਸਤਕ ਬੀਗੌਨ ਗੌਡਮੈਨ ਦੇ ਪੰਜਾਬੀ ਅਨੁਵਾਦ ... ਤੇ ਦੇਵ ਪੁਰਸ਼ ਹਾਰ ਗਏ ਨੇ ਲੱਖਾਂ ਲੋਕਾਂ ਨੂੰ ਅੰਧਵਿਸ਼ਵਾਸਾਂ ਤੇ ਅਗਿਆਨਤਾ ਦੇ ਚੱਕਰਵਿਊ ਵਿੱਚੋਂ ਬਾਹਰ ਕੱਢਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜੋਕੇ ਸਮਾਜ ’ਚ ਪੁਸਤਕਾਂ ਤੋਂ ਵਧ ਰਹੀ ਦੂਰੀ ਮਾਨਸਿਕ ਰੋਗਾਂ ਦੇ ਰਾਹ ਤੋਰ ਰਹੀ ਹੈ। ਨਤੀਜੇ ਵਜੋਂ ਇਕੱਲਤਾ, ਬੇਗਾਨਗੀ, ਉਦਾਸੀ ਤੇ ਮਾਨਸਿਕ ਤਣਾਓ ਨਿੱਤ ਦਿਨ ਫ਼ਲ ਫੁੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਘਰਾਂ ’ਚ ਪੁਸਤਕਾਂ ਬੁੱਧੀਮਾਨ ਮਾਪਿਆਂ ਤੇ ਪਿੰਡ, ਸ਼ਹਿਰ, ਕਸਬਿਆਂ ’ਚ ਬਣੀਆਂ ਲਾਇਬ੍ਰੇਰੀਆਂ ਸੱਭਿਅਕ ਸਮਾਜ ਦਾ ਮੁਹਾਂਦਰਾ ਹੁੰਦੀਆਂ ਹਨ। ਆਪਣੇ ਚੌਗਿਰਦੇ, ਸਮਾਜ ਤੇ ਦੇਸ਼ ਨੂੰ ਸੋਹਣਾ, ਸੁਖਾਵਾਂ ਤੇ ਉੱਤਮ ਬਣਾਉਣ ਦਾ ਸੁਪਨਾ ਤੇ ਇੱਛਾ ਸ਼ਕਤੀ ਪੁਸਤਕਾਂ ਤੋਂ ਹੀ ਮਿਲਦੀ ਹੈ। ਨਾਲ ਹੀ ਜ਼ਿੰਦਗੀ ਦਾ ਉੱਚਾ ਸੁੱਚਾ ਮਕਸਦ ਪੁਸਤਕ ਸਾਥ ਤੋਂ ਅਮੁੱਲੇ ਤੋਹਫ਼ੇ ਵਜੋਂ ਮਿਲਦਾ ਹੈ।ਉਨ੍ਹਾਂ ਬੇਹਤਰ ਜੀਵਨ ਤੇ ਸਮਾਜ ਲਈ ਪੁਸਤਕਾਂ ਸੰਗ ਜਿਉਣ ਨੂੰ ਚੰਗੇਰੇ ਭਵਿੱਖ ਦਾ ਰਾਹ ਦੱਸਿਆ ਹੈ।