ਡਾ. ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਸਦਕਾ ਹੀ ਦੇਸ਼ ’ਚ ਮਜ਼ਬੂਤ ਲੋਕਤੰਤਰ : ਢੋਸੀਵਾਲ
ਡਾ. ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਸਦਕਾ ਹੀ ਦੇਸ਼ ’ਚ ਮਜਬੂਤ ਲੋਕਤੰਤਰ ਹੈ : ਢੋਸੀਵਾਲ
Publish Date: Tue, 14 Apr 2026 03:59 PM (IST)
Updated Date: Wed, 15 Apr 2026 04:00 AM (IST)

ਮੁਕਤਸਰ ਵਿਕਾਸ ਮਿਸ਼ਨ ਨੇ ਅੰਬੇਡਕਰ ਜੈਅੰਤੀ ਮਨਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਅੱਜ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਬਣੇ ਡਾ. ਭੀਮ ਰਾਓ ਅੰਬੇਡਕਰ ਪਾਰਕ ਵਿਖੇ ਅੰਬੇਡਕਰ ਜੈਅੰਤੀ ਮਨਾਈ ਗਈ। ਇਸ ਸਮੇਂ ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਹੋਏ ਸਮਾਰੋਹ ’ਚ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰਜੰਣ ਸਿੰਘ ਰੱਖਰਾ, ਪੈਟਰਨ ਪ੍ਰਦੀਪ ਧੂੜੀਆ, ਸੀਨੀਅਰ ਆਗੂ ਚੌ. ਬਲਬੀਰ ਸਿੰਘ, ਮਿਸ਼ਨ ਮੈਂਬਰ ਅਤੇ ਸਥਾਨਕ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਸੀਨੀਅਰ ਭਾਜਪਾ ਆਗੂ ਵਰਿੰਦਰ ਕਟਾਰੀਆ, ਮਿਸ਼ਨ ਦੇ ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਡਿਪਟੀ ਡਾਇਰੈਕਟਰ ਸਾਹਿਲ ਕੁਮਾਰ ਹੈਪੀ, ਸਲਾਹਕਾਰ ਅਮਰ ਨਾਥ ਸੇਰਸੀਆ, ਰਾਜੇਸ਼ ਗਿਰਧਰ ਅਤੇ ਸਹਾਇਕ ਸਕੱਤਰ ਬਲਜੀਤ ਸਿੰਘ ਅਰੋੜਾ, ਪ੍ਰਿੰ. ਕੁਲਵੰਤ ਸ਼ਰਮਾ, ਜੈ ਦਿਆਲ ਅਤੇ ਨਰਿੰਦਰ ਕਾਕਾ ਆਦਿ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪੱਧਰ ਦੇ ਸੀਨੀਅਰ ਆਗੂ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਵੀ ਉਚੇਚੇ ਤੌਰ ’ਤੇ ਮੀਟਿੰਗ ਵਿਚ ਸ਼ਾਮਿਲ ਹੋਏ। ਇਸ ਮੌਕੇ ਭਾਰਤੀ ਕਿਸਾਨ ਮੋਰਚਾ ਦੇ ਜਿਲ੍ਹਾ ਪ੍ਰਧਾਨ ਸ਼ਮਿੰਦਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਸਮੂਹ ਮੈਂਬਰਾਂ ਵੱਲੋਂ ਡਾ. ਸਾਹਿਬ ਨੂੰ ਸਤਿਕਾਰ ਵਜੋਂ ਫੁੱਲ ਭੇਂਟ ਕੀਤੇ ਗਏ ਅਤੇ ਸੀਸ ਨਿਵਾਇਆ ਗਿਆ। ਇਸ ਮੌਕੇ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਡਾ. ਅੰਬੇਡਕਰ ਕਿਸੇ ਇਕ ਕੌਮ, ਧਰਮ ਜਾਂ ਫਿਰਕੇ ਦੇ ਨਹੀਂ ਸਨ ਸਗੋਂ ਉਹ ਸਮੁੱਚੇ ਦੇਸ਼ ਦਾ ਕੀਮਤੀ ਗਹਿਣਾ ਹਨ। ਉਨ੍ਹਾਂ ਨੇ ਸੰਵਿਧਾਨ ਲਿਖ ਕੇ ਦੇਸ਼ ਵਿੱਚ ਮਜਬੂਤ ਲੋਕਤੰਤਰ ਦੀ ਨੀਂਹ ਰੱਖੀ ਅਤੇ ਇਹ ਲੋਕਤੰਤਰ ਉਨ੍ਹਾਂ ਦੀ ਹੀ ਦੇਣ ਹੈ। ਡਾ. ਅੰਬੇਡਕਰ ਨੇ ਸਮਾਜ ਦੇ ਸਾਰੇ ਵਰਗਾਂ ਲਈ ਹਰ ਤਰ੍ਹਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਅਧਿਕਾਰ ਦਿੱਤੇ। ਇਸ ਮੌਕੇ ਆਪਣੇ ਸੰਬੋਧਨ ’ਚ ਸ੍ਰੀ ਪਠੇਲਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸਮੁੱਚੇ ਸਮਾਜ ਅਤੇ ਦੇਸ਼ ਨੂੰ ਦਿੱਤੀ ਗਈ ਦੇਣ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਸਮਤਾ, ਸਮਾਨਤਾ ਅਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ। ਮੀਟਿੰਗ ਦੌਰਾਨ ਪ੍ਰਧਾਨ ਢੋਸੀਵਾਲ, ਗੋਰਾ ਪਠੇਲਾ ਅਤੇ ਹੋਰ ਅਹੁਦੇਦਾਰਾਂ ਵੱਲੋਂ ਅੰਬੇਡਕਰ ਜੈਅੰਤੀ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ। ਇਸਦੇ ਨਾਲ ਹੀ ਸਮੂਹ ਮੈਂਬਰਾਂ ਨੇ ਸਮੁੱਚੇ ਸਮਾਜ ਨੂੰ ਵਿਸਾਖੀ ਦੀ ਵੀ ਵਧਾਈ ਦਿੱਤੀ। ਮੀਟਿੰਗ ਦਾ ਸਮਾਪਤੀ ਉਪਰੰਤ ਅੰਬੇਡਕਰ ਜੈਅੰਤੀ ਦੀ ਖੁਸ਼ੀ ਵਿੱਚ ਵਿਕਾਸ ਮਿਸ਼ਨ ਵੱਲੋਂ ਲੱਡੂ ਵੰਡੇ ਗਏ।