ਕੇਂਦਰ ਭਾਰਤੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ’ਚ ਅਸਫਲ ਰਿਹਾ ਹੈ : ਗੁਰਦਾਸ ਗਿਰਧਰ
ਕੇਂਦਰ ਭਾਰਤੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ’ਚ ਅਸਫਲ ਰਿਹਾ ਹੈ : ਗੁਰਦਾਸ ਗਿਰਧਰ
Publish Date: Sat, 14 Mar 2026 03:54 PM (IST)
Updated Date: Sat, 14 Mar 2026 03:57 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕੇਂਦਰ ਸਰਕਾਰ ਅਮਰੀਕਾ ਵੱਲੋਂ ਖੇਤੀਬਾੜੀ ਵਸਤਾਂ ’ਤੇ ਲਾਏ ਟੈਰਿਫ਼ ਬਾਰੇ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਿਚ ਅਸਫਲ ਰਹੀ ਉੱਥੇ ਹੀ ਪ੍ਰਧਾਨ ਮੰਤਰੀ ਨੇ ਵਿਸ਼ਵ ਮਹਾਂਸ਼ਕਤੀਆਂ ਦੇ ਸਮਰਥਨ ਨੂੰ ਲੈਕੇ ਨਿਰਪੱਖ ਨਾ ਰਹਿ ਕਿ ਭਾਰਤ ਦੀ ਸਾਖ ਘਟਾਈ ਹੈ। ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਗੁਰਦਾਸ ਗਿਰਧਰ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ ਨੀਤੀ ਫੈਸਲਿਆਂ ਰਾਹੀਂ ਭਾਰਤ ਦੀ ਅੰਤਰਰਾਸ਼ਟਰ ਪੱਧਰ ’ਤੇ ਬਣੀ ਸਾਖ ਨੂੰ ਘਟਾ ਰਹੇ ਹਨ। ਜਦੋਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ ਤਾਂ ਭਾਰਤ ਨੇ ਗੁੱਟ ਨਿਰਲੇਪ ਅੰਦੋਲਨ ਤਹਿਤ ਕਈ ਦੇਸ਼ਾਂ ਦੀ ਅਗਵਾਈ ਕਰ ਕੇ ਕਿਸੇ ਵੀ ਇਕ ਮਹਾਸ਼ਕਤੀ ਦਾ ਸਾਥ ਨਹੀਂ ਦਿੱਤਾ, ਵਿਸ਼ਵ ਦੀਆਂ ਸ਼ਕਤੀਆਂ ਵਿਚਕਾਰ ਟਕਰਾਵਾਂ ਵਿੱਚ ਨਿਰਪੱਖਤਾ ਬਣਾਈ ਰੱਖ ਕੇ ਅੰਤਰਰਾਸ਼ਟਰੀ ਪੱਧਰ ’ਤੇ ਬਹੁਤ ਸਤਿਕਾਰ ਪ੍ਰਾਪਤ ਕੀਤਾ। ਮਹਾਸ਼ਕਤੀਆਂ ਵਿਚਕਾਰ ਨਿਰਪੱਖ ਰਹਿ ਕੇ ਭਾਰਤ ਨੇ ਬਹੁਤ ਸਨਮਾਨ ਅਤੇ ਸਤਿਕਾਰ ਪ੍ਰਾਪਤ ਕੀਤਾ। ਗੁੱਟ ਨਿਰਲੇਪ ਅੰਦੋਲਨ ਨੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਸੰਯੁਕਤ ਰਾਜ ਅਮਰੀਕਾ ਅਤੇ ਇਜ਼ਰਾਈਲ ਨਾਲ ਜੋੜ ਰਹੇ ਹਨ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨ ਵਿੱਚ ਸਾਥ ਦੇ ਰਹੇ ਹਨ। ਭਾਰਤ ਦੀ ਕੱਚੇ ਤੇਲ ਦੀ ਖ਼ਰੀਦ ਨੀਤੀ ਜੋ ਪਹਿਲਾਂ ਇਸ ’ਤੇ ਨਿਰਭਰ ਕਰਦੀ ਸੀ ਕਿ ਸਸਤਾ ਤੇਲ ਕਿੱਥੋਂ ਮਿਲਦਾ ਹੈ। ਇਸ ਲਈ ਪਹਿਲਾਂ ਭਾਰਤ ਨੇ ਈਰਾਨ, ਰੂਸ ਅਤੇ ਵੈਨੇਜ਼ੁਏਲਾ ਸਮੇਤ ਵੱਖ-ਵੱਖ ਦੇਸ਼ਾਂ ਤੋਂ ਕੱਚਾ ਤੇਲ ਖਰੀਦਿਆ ਸੀ ਪਰ ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਹ ਫੈਸਲਾ ਕਰ ਰਹੇ ਹਨ ਕਿ ਭਾਰਤ ਨੂੰ ਆਪਣੀਆਂ ਜ਼ਰੂਰਤਾਂ ਲਈ ਤੇਲ ਕਿੱਥੋਂ ਖਰੀਦਣਾ ਚਾਹੀਦਾ ਹੈ। ਉਸ ਨੇ ਭਾਰਤ ਨੂੰ ਸਿਰਫ 30 ਦਿਨਾਂ ਲਈ ਰੂਸ ਤੋਂ ਤੇਲ ਖਰੀਦਣ ਦੀ ਇਜਾਜ਼ਤ ਦਿੱਤੀ ਹੈ। ਉਸ ਸਮੇਂ ਤੋਂ ਬਾਅਦ ਉਹ ਦੁਬਾਰਾ ਫੈਸਲਾ ਕਰਨਗੇ ਕਿ ਕੀ ਭਾਰਤ ਨੂੰ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਣਾ ਚਾਹੀਦਾ ਹੈ ਜਾਂ ਆਪਣੀ ਮਰਜ਼ੀ ਅਨੁਸਾਰ ਕਿਤੇ ਹੋਰ ਖਰੀਦਣਾ ਚਾਹੀਦਾ ਹੈ। ਇਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਜ ਅਮਰੀਕਾ ਦੀ ਕਠਪੁਤਲੀ ਵਾਂਗ ਸੇਵਾ ਕਰ ਰਹੇ ਹਨ। ਅਮਰੀਕਾ ਨੇ ਭਾਰਤੀ ਖੇਤੀਬਾੜੀ ਵਸਤੂਆਂ ’ਤੇ ਟੈਰਿਫ ਲਾਏ ਹਨ ਤਾਂ, ‘ਮਨ ਕੀ ਬਾਤ’ ਪ੍ਰਸਾਰਨ ਵਿੱਚ ਇਸ ਵਿਸ਼ੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪ ਕਿਉਂ ਵੱਟੀ ਰੱਖੀ ਹੈ। ਕੇਂਦਰ ਭਾਰਤੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ’ਚ ਅਸਫਲ ਰਿਹਾ ਹੈ। ਨਰਿੰਦਰ ਮੋਦੀ ਵਾਰ-ਵਾਰ ਕਹਿੰਦੇ ਹਨ ਕਿ ਟਰੰਪ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਹਨ ਅਤੇ ਸਵੇਰ ਦੀ ਚਾਹ ਦੌਰਾਨ ਅਕਸਰ ਗੱਲ ਕਰਦੇ ਹਨ। ਪਰ ਡਾਨੋਲਡ ਟਰੰਪ ਭਾਰਤੀ ਖੇਤੀਬਾੜੀ ਵਸਤੂਆਂ ਤੇ ਭਾਰੀ ਡਿਊਟੀ ਲਗਾ ਰਹੇ ਹਨ ਜਦੋਂਕਿ ਭਾਰਤ ਵਿੱਚ ਅਮਰੀਕੀ ਖੇਤੀ ਉਤਪਾਦਾਂ ਲਈ ਡਿਊਟੀ ਮੁਕਤ ਪ੍ਰਵੇਸ਼ ਨੂੰ ਯਕੀਨੀ ਬਣਾ ਰਹੇ ਹਨ।