ਨਿਰੋਲ ਸੇਵਾ ਸੰਸਥਾ ਵੱਲੋਂ 16ਵਾਂ ਨਗਰ ਕੀਰਤਨ ਗੁਪਤਸਰ ਸਾਹਿਬ ਤੋਂ ਆਰੰਭ
ਨਿਰੋਲ ਸੇਵਾ ਸੰਸਥਾ ਵੱਲੋਂ 16ਵਾਂ ਮਹਾਨ ਨਗਰ ਕੀਰਤਨ ਗੁਪਤਸਰ ਸਾਹਿਬ ਛੱਤਿਆਣਾ ਤੋਂ ਆਰੰਭ
Publish Date: Sat, 28 Feb 2026 04:56 PM (IST)
Updated Date: Sat, 28 Feb 2026 04:58 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ 16ਵਾਂ ਮਹਾਨ ਤੇ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਚੜਦੇ ਪੰਜਾਬ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਪਿੰਡ ਛੱਤਿਆਣਾ ਤੋਂ ਆਰੰਭ ਹੋ ਕੇ ਪੰਜਾਬ ਤੇ ਵੱਖ-ਵੱਖ ਜ਼ਿਲਿਆਂ ’ਚੋਂ ਬਣੇ ਰੂਟ ਅਨੁਸਾਰ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਤੋਂ ਲਹਿੰਦੇ ਪੰਜਾਬ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ 6 ਮਾਰਚ ਨੂੰ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ। ਸ਼ੁਰੂਆਤ ਸਮੇਂ ਸੁੰਦਰ ਪਾਲਕੀ ਸਾਹਿਬ ’ਚ ਸਸ਼ੋਭਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਨਤਮਸਤਕ ਹੋਈਆਂ ਤੇ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸ਼ਾਮਲ ਸੰਗਤਾਂ ਵੱਲੋਂ ਸਤਿਨਾਮ ਵਹਿਗੁਰੂ ਦਾ ਜਾਪ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਇਸ ਮਹਾਨ ਨਗਰ ਕੀਰਤਨ ਦਾ ਮੁੱਖ ਉਦੇਸ਼ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਨਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਉਨਾਂ ਦੱਸਿਆ ਕਿ ਸੰਪੂਰਨਤਾ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਸਕੂਲਾਂ ’ਚ ਜਿਨ੍ਹਾਂ ਬੱਚਿਆਂ ਨੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ, ਅਰਥ ਤੇ ਕੰਠ ਮੁਕਾਬਲੇ ’ਚ ਹਿੱਸਾ ਲਿਆ ਸੀ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਹਾਨ ਨਗਰ ਕੀਰਤਨ ’ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਦੇ ਵੱਡੇ ਮਾਡਲ ਵੱਖ-ਵੱਖ ਵੱਡੇ ਟਰਾਲਿਆਂ ਉੱਪਰ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਇੱਕ ਵੱਡੀ ਪ੍ਰਦਰਸ਼ਨੀ ਨਗਰ ਕੀਰਤਨ ’ਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ। ਨਗਰ ਕੀਰਤਨ ਦੌਰਾਨ ਫ਼ੌਜੀ ਬੈਂਡ ਤੇ ਗੱਤਕਾ ਪਾਰਟੀ ਵੱਲੋਂ ਵੀ ਗੱਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਗਏ। ਇਸ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਲਗਵਾਈ।