ਟੈਲੀ ਮਾਨਸ ਸੇਵਾ ਮਾਨਸਿਕ ਸਿਹਤ ’ਚ ਇੱਕ ਕ੍ਰਾਂਤੀ : ਡਾ. ਬਾਂਸਲ
ਟੈਲੀ ਮਾਨਸ ਸੇਵਾ ਮਾਨਸਿਕ ਸਿਹਤ ’ਚ ਇੱਕ ਕ੍ਰਾਂਤੀ : ਡਾ. ਸੁਨੀਲ ਬਾਂਸਲ
Publish Date: Wed, 25 Feb 2026 06:57 PM (IST)
Updated Date: Wed, 25 Feb 2026 06:58 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਮਾਨਸਿਕ ਤੰਦਰੁਸਤੀ ਵਿੱਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ 10 ਅਕਤੂਬਰ, 2022 ਤੋਂ ਟੈਲੀ ਮਾਨਸ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਨੀਲ ਬਾਂਸਲ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਟੈਲੀ ਮਾਨਸ ਇੱਕ ਟੋਲ ਫ੍ਰੀ ਹੈਲਪਲਾਈਨ ਹੈ, ਜੋ ਪੂਰੇ ਭਾਰਤ ’ਚ 24x7 ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ। ਇਹ 20 ਤੋਂ ਵੱਧ ਭਾਸ਼ਾਵਾਂ ’ਚ ਉਪਲਬਧ ਹੈ। ਉਪਭੋਗਤਾ ਟੋਲ ਫ੍ਰੀ ਹੈਲਪਲਾਈਨ ਨੰਬਰ ਯਾਨੀ 1800-89-14416 ਜਾਂ 14416 ਰਾਹੀਂ ਟੈਲੀ-ਮਾਨਸ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਉਪਭੋਗਤਾ ਘਰ ਬੈਠੇ ਆਪਣੇ ਫੋਨ ਤੇ ਇਸ ਸੇਵਾ ਦਾ ਆਸਾਨੀ ਨਾਲ ਲਾਭ ਉਠਾ ਸਕਦੇ ਹਨ। ਕਾਲਰ/ਮਰੀਜ਼ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਟੈਲੀ-ਮਾਨਸ ਦੀ ਆਪਣੀ ਇੱਕ ਮੋਬਾਈਲ ਐਪ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਅਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਕਾਲ ਤੇ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟੈਲੀ-ਮਾਨਸ ਪੰਜਾਬ ਇਸ ਸਾਲ 35000 ਤੋਂ ਵੱਧ ਕਾਲਾਂ ਦੇ ਮੀਲ ਪੱਥਰ ’ਤੇ ਪਹੁੰਚ ਗਿਆ ਹੈ। ਟੈਲੀ ਮਾਨਸ ਦੇ ਉਪਭੋਗਤਾ ਆਪਣੀ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਦੇ ਅਨੁਸਾਰ ਸਲਾਹਕਾਰਾਂ, ਸਮਾਜ ਸੇਵਕਾਂ ਅਤੇ ਮਨੋਵਿਗਿਆਨੀ ਨਾਲ ਜੁੜ ਸਕਦੇ ਹਨ। ਟੈਲੀ ਮਾਨਸ ਲੋੜ ਪੈਣ ਤੇ ਵਿਅਕਤੀਗਤ ਤੌਰ ਤੇ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਇਸ ਵਿੱਚ ਵੀਡੀਓ ਕਾਲ ਰਾਹੀ ਵੀ ਦਵਾਈ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।