ਅਧਿਆਪਕ ਜਥੇਬੰਦੀਆਂ ਨੇ ਹਲਕਾ ਵਿਧਾਇਕ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ
ਅਧਿਆਪਕ ਜਥੇਬੰਦੀਆਂ ਨੇ ਹਲਕਾ ਵਿਧਾਇਕ ਦੇ ਘਰ ਮੂਹਰੇ ਕੀਤਾ ਪ੍ਰਦਰਸ਼ਨ
Publish Date: Tue, 03 Mar 2026 03:53 PM (IST)
Updated Date: Tue, 03 Mar 2026 03:56 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਲੰਬੇ ਸਮੇਂ ਤੋਂ ਸਰਕਾਰੀ ਸੇਵਾਵਾਂ ਨਿਭਾ ਰਹੇ ਪੱਕੇ ਅਧਿਆਪਕਾਂ ਉੱਪਰ ਟੀਈਟੀ ਦੀ ਬੇਲੋੜੀ ਸ਼ਰਤ ਜ਼ਬਰੀ ਥੋਪਣ ਖ਼ਿਲਾਫ਼ ਸੂਬਾ ਭਰ ’ਚ ਅਧਿਆਪਕਾਂ ਨੇ ਮੰਤਰੀਆਂ ਅਤੇ ਐੱਮਐੱਲਏਜ਼ ਦੇ ਘਰਾਂ ਅੱਗੇ ਇਕੱਠੇ ਹੋ ਕੇ ਰੋਸ ਮੁਜ਼ਾਹਰੇ ਕੀਤੇ। ਅਧਿਆਪਕ ਆਗੂਆਂ ਨੇ ਦੱਸਿਆ ਕਿ 22 ਫਰਵਰੀ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਮਹਾਂ ਰੈਲੀ ਦੇ ਦਬਾਅ ਸਦਕਾ ਜਥੇਬੰਦੀਆਂ ਨੂੰ ਮਿਲੀ ਮੀਟਿੰਗ ਤੋਂ ਸਿੱਖਿਆ ਮੰਤਰੀ ਦੇ ਮੁਕਰ ਜਾਣ ਕਾਰਨ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਅੰਦਰ ਗੁੱਸੇ ਦੀ ਲਹਿਰ ਹੈ। ਉਨ੍ਹਾਂ ਆਪਣੇ ਰੋਹ ਦੇ ਪ੍ਰਗਟਾਵੇ ਲਈ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਦੇ ਭਰਵੇਂ ਮੁਜ਼ਾਹਰੇ ’ਚ ਇਕੱਠ ਨੂੰ ਸੰਬੋਧਨ ਕਰਦੇ ਰਣਜੀਤ ਸਿੰਘ ਭਲਾਈਆਣਾ, ਲਖਵੀਰ ਸਿੰਘ ਹਰੀਕੇ ਪਵਨ ਕੁਮਾਰ, ਪਰਗਟ ਸਿੰਘ ਜੰਬਰ, ਪਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਸ਼ਰਤਾਂ ਅਤੇ ਨਿਯਮ ਪੂਰੇ ਕਰ ਕੇ ਭਰਤੀ ਹੋਏ ਅਤੇ 20-20 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਉੱਪਰ ਸੁਪਰੀਮ ਕੋਰਟ ਦਾ ਗ਼ੈਰ ਕੁਦਰਤੀ ਫ਼ੈਸਲਾ ਲਾਗੂ ਕਰ ਦੇਣਾ ਪੰਜਾਬ ਸਰਕਾਰੀ ਦੀ ਮੱਕਾਰੀ ਨੂੰ ਦਰਸਾਉਂਦਾ ਹੈ। ਵੱਡੀ ਗਿਣਤੀ ਅਧਿਆਪਕਾਂ ਨੇ ਇਸ ਰੋਹ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਐੱਮਐੱਲਏ ਨੂੰ ਮੰਗ ਪੱਤਰ ਦਿੱਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਭਰਤੀ ਕੀਤੇ ਅਧਿਆਪਕਾਂ ਦੀਆਂ ਨੌਕਰੀਆਂ ਬਚਾਉਂਣ ਦੀ ਥਾਂ ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਾਹਲੀ ਵਿੱਚ ਹੈ। ਉਨ੍ਹਾਂ ਕਿਹਾ ਅਧਿਆਪਕ ਕਦੇ ਵੀ ਅਧਿਆਪਕ ਵਿਰੋਧੀ ਫੈਸਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਗ਼ੈਰ ਕੁਦਰਤੀ ਫੈਸਲੇ ਨਾਲ ਦੇਸ਼ ਭਰ ਦੇ 25 ਲੱਖ ਸਰਕਾਰੀ ਅਧਿਆਪਕ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਕਿਸਾਨ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਇਸ ਮਸਲੇ ਤੇ ਦੇਸ਼ ਪੱਧਰੀ ਸੰਘਰਸ਼ ਲੜਨ ਦੀ ਤਿਆਰੀ ’ਚ ਹਨ। ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ’ਚ ਕੀਤੀ ਜਾ ਰਹੀ ਕਾਹਲੀ ਇਹ ਦਰਸਾਉਂਦੀ ਹੈ ਕਿ ਸਰਕਾਰ ਅਧਿਆਪਕ ਨੀ ਇਸ ਬੇਲੋੜੇ ਮੁੱਦੇ ’ਚ ਉਲਝਾ ਕੇ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, ਕੱਚੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ, ਐੱਨਐੱਸਕਿਉਐੱਫ ਅਧਿਆਪਕਾਂ ਅਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਪੱਕੇ ਕਰਨ,16% ਡੀਏ ਨਾ ਦੇਣ, ਪੰਜਾਬ ਦੇ ਪੁਰਾਣੇ ਸਕੇਲ ਲਾਗੂ ਨਾ ਕਰਨ, ਪੇਂਡੂ ਭੱਤਿਆਂ ਸਮੇਤ 37 ਤਰਾਂ ਦੇ ਭੱਤੇ ਬਹਾਲ ਨਾ ਕਰਨ ਤੋਂ ਭੱਜ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 2017 ਦਾ ਟੀਈਟੀ ਤੋਂ ਛੋਟ ਵਾਲਾ ਪੱਤਰ ਬਹਾਲ ਕਰੇ, ਸੁਪਰੀਮ ਕੋਰਟ ਵਿੱਚ ਤੁਰੰਤ ਰਿਵਿਉ ਪਟੀਸ਼ਨ ਦਾਖਿਲ ਕਰੇ, 08 ਮਾਰਚ ਅਤੇ 15 ਮਾਰਚ ਨੂੰ ਹੋਣ ਵਾਲੇ ਟੈੱਟ ਵਿੱਚੋਂ ਨੌਕਰੀ ਕਰ ਰਹੇ ਅਧਿਆਪਕਾਂ ਨੀ ਛੋਟ ਦੇਵੇ ਅਤੇ ਸਾਰੇ ਕਾਡਰਾਂ ਦੀਆਂ ਪੈਂਡਿੰਗ ਪਈਆਂ ਤਰੱਕੀਆਂ ਤੁਰੰਤ ਕਰੇ| ਇਸ ਮੌਕੇ ਹੋਰਨਾਂ ਤੋਂ ਇਲਾਵਾ. ਜੀਵਨ ਸਿੰਘ ਬਧਾਈ, ਕੁਲਵਿੰਦਰ ਸਿੰਘ, ਸੁਰਿੰਦਰ ਸੇਤੀਆ ,ਜਸਵੰਤ ਅਹੂਜਾ, ਸੁਰਿੰਦਰ ਕਮਾਰ ਮਨਦੀਪ ਸਿੰਘ, ਦਵਿੰਦਰ ਡਿੰਪੀ, ਨੀਰਜ਼ ਬਜਾਜ, ਪਰਮਿੰਦਰ ਖੋਖਰ, ਸੁਖਜੀਤ ਥਾਂਦੇਵਾਲਾ,ਬਲਕਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।