ਅਧਿਆਪਕ ਨੂੰ ਘਰ ’ਚ ਰੱਖਿਆ ਨਜ਼ਰਬੰਦ
ਅਧਿਆਪਕ ਨੂੰ ਘਰ ’ਚ ਰੱਖਿਆ ਨਜ਼ਰਬੰਦ
Publish Date: Sun, 22 Mar 2026 07:09 PM (IST)
Updated Date: Sun, 22 Mar 2026 07:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਦੋਦਾ : ਪੰਜਾਬ ’ਚ ਦਸ ਸਾਲਾਂ ਤੋਂ ਸੇਵਾ ਕਰ ਰਹੇ ਕੱਚੇ ਅਧਿਆਪਕਾਂ ਨਾਲ ਜੁੜਿਆ ਮਾਮਲਾ ਫਿਰ ਚਰਚਾ ’ਚ ਆ ਗਿਆ ਹੈ। 22 ਮਾਰਚ 2026 ਨੂੰ ਜਲਾਲਾਬਾਦ ’ਚ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੱਚੇ ਅਧਿਆਪਕ ਯੂਨੀਅਨ ਦੇ ਆਗੂ ਜਸਪਾਲ ਸਿੰਘ ਨੂੰ ਪਿੰਡ ਮੱਲਣ ਵਿਖੇ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਯੂਨੀਅਨ ਆਗੂ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਦਾ ਮੋਬਾਈਲ ਵੀ ਕਬਜ਼ੇ ’ਚ ਲੈ ਲਿਆ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ’ਚ ਸਿੱਖਿਆ ਅਤੇ ਵਿੱਤ ਮੰਤਰੀ ਨਾਲ ਕਈ ਮੀਟਿੰਗਾਂ ਹੋਈਆਂ ਪਰ ਕੋਈ ਹੱਲ ਨਹੀਂ ਨਿਕਲਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਸਿਰਫ 6000 ਰੁਪਏ ਮਹੀਨਾ ਤਨਖਾਹ ’ਤੇ ਕੰਮ ਕਰ ਰਹੇ ਹਨ ਅਤੇ ਹੱਕਾਂ ਦੀ ਮੰਗ ਕਰਨ ’ਤੇ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਰੈਗੂਲਰ ਕਰਨ ਦੇ ਆਰਡਰ ਜਾਰੀ ਨਾ ਹੋਏ ਤਾਂ ਆਉਣ ਵਾਲੇ ਸਮੇਂ ’ਚ ਮੁੱਖ ਮੰਤਰੀ ਦੇ ਹਰ ਪ੍ਰੋਗਰਾਮ ’ਤੇ ਵਿਰੋਧ ਕੀਤਾ ਜਾਵੇਗਾ।