6 ਅਪ੍ਰੈਲ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਬਾਦਲ ਕਰਨਗੇ ‘ਪੰਜਾਬ ਬਚਾਓ ਰੈਲੀ’, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਿਆਰੀਆਂ ’ਤੇ ਕੀਤੀ ਚਰਚਾ
ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਅਪ੍ਰੈਲ ਨੂੰ 'ਪੰਜਾਬ ਬਚਾਓ ਰੈਲੀ' ਕੀਤੀ ਜਾ ਰਹੀ ਹੈ। ਇਸ ਵਿੱਚ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਮੁਕਤਸਰ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਸ਼ਿਅਦ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ।
Publish Date: Sat, 07 Mar 2026 03:52 PM (IST)
Updated Date: Sat, 07 Mar 2026 03:56 PM (IST)

ਜਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਅਪ੍ਰੈਲ ਨੂੰ 'ਪੰਜਾਬ ਬਚਾਓ ਰੈਲੀ' ਕੀਤੀ ਜਾ ਰਹੀ ਹੈ। ਇਸ ਵਿੱਚ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਮੁਕਤਸਰ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਸ਼ਿਅਦ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ।
ਮੀਟਿੰਗ ਦੀ ਅਗਵਾਈ ਕਰ ਰਹੇ ਸ਼ਿਅਦ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਇਸ ਰੈਲੀ ਵਿੱਚ ਵਰਕਰਾਂ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ। ਬਰਕੰਦੀ ਨੇ ਰੈਲੀ ਨੂੰ ਸਫਲ ਬਣਾਉਣ ਲਈ ਵਰਕਰਾਂ ਨੂੰ ਕਮਰ ਕੱਸਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਦੀ ਮੀਟਿੰਗ ਵਿੱਚ ਹੋਏ ਵੱਡੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਵਰਕਰ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਰੋਜ਼ੀ ਬਰਕੰਦੀ ਨੇ ਕਿਹਾ ਕਿ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਅਤੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸ਼ਿਅਦ ਦੀ ਸਰਕਾਰ ਬਣਾਓ। ਉਨ੍ਹਾਂ ਦੱਸਿਆ ਕਿ 6 ਅਪ੍ਰੈਲ ਦੀ ਇਹ ਰੈਲੀ ਮਲੋਟ ਰੋਡ ਬਾਈਪਾਸ ਸਥਿਤ ਮੇਲਾ ਮਾਘੀ ਵਾਲੀ ਜਗ੍ਹਾ 'ਤੇ ਹੀ ਹੋਵੇਗੀ, ਜਿੱਥੇ ਆਮ ਤੌਰ 'ਤੇ ਮਾਘੀ ਕਾਨਫਰੰਸ ਹੁੰਦੀ ਹੈ। ਇਸ ਲਈ ਵਰਕਰ ਹੁਣ ਤਿਆਰੀਆਂ ਵਿੱਚ ਜੁੱਟ ਜਾਣ ਅਤੇ ਇਸ ਰੈਲੀ ਤੱਕ ਕੋਈ ਵੀ ਛੁੱਟੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਰੈਲੀ ਤੋਂ ਬਾਅਦ ਅਗਲੀ ਸਰਕਾਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਹਨ। ਇਸ ਰੈਲੀ ਤੋਂ ਬਾਅਦ ਵਰਕਰ ਦੋ ਮਹੀਨੇ ਭਾਵੇਂ ਜਿੱਥੇ ਮਰਜ਼ੀ ਘੁੰਮ ਲੈਣ, ਪਰ ਉਸ ਤੋਂ ਬਾਅਦ ਚੋਣਾਂ ਦੀ ਤਿਆਰੀ ਵਿੱਚ ਜੁੱਟ ਜਾਣ।
ਇਸ ਮੌਕੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ, ਜਗਜੀਤ ਸਿੰਘ ਹਨੀ ਫੱਤਣਵਾਲਾ, ਹਰਪਾਲ ਸਿੰਘ ਬੇਦੀ, ਗੁਰਦੀਪ ਸਿੰਘ ਮੜਮੱਲੂ, ਹੀਰਾ ਸਿੰਘ ਚੜੇਵਾਨ, ਨਵਤੇਜ ਕਾਉਣੀ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਟੇਕ ਚੰਦ ਬੱਤਰਾ, ਬਲਦੇਵ ਸਿੰਘ ਬਲਮਗੜ੍ਹ, ਸੁਰਿੰਦਰ ਸਿੰਘ ਛਿੰਦੀ, ਜਗਵੰਤ ਸਿੰਘ ਲੰਬੀ, ਚਰਨਜੀਤ ਸੱਕਾਂਵਾਲੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ। ਸਟੇਜ ਸੰਚਾਲਨ ਬਿੰਦਰ ਗੋਨਿਆਣਾ ਵੱਲੋਂ ਕੀਤਾ ਗਿਆ।